‘ਨਵੀਂ ਪੀੜ੍ਹੀ ਲਈ ਕਿੱਤਾ ਚੋਣ, ਮੌਕੇ ਤੇ ਚੁਣੌਤੀਆਂ’ ’ਤੇ ਸੈਮੀਨਾਰ ਕਰਵਾਇਆ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ ਨਵੀਂ ਪੀੜ੍ਹੀ ਲਈ ਕਿੱਤਾ ਚੋਣ, ਮੌਕੇ ਅਤੇ ਚੁਣੌਤੀਆਂ ਵਿਸ਼ੇ ’ਤੇ ਸੈਮੀਨਾਰ ਦਾ ਆਯੋਜਨ
Publish Date: Tue, 24 Feb 2026 04:35 PM (IST)
Updated Date: Tue, 24 Feb 2026 04:40 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਜੋ ਕਿ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸਬੰਧਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੇ ਯੋਗ ਮਾਰਗ-ਦਰਸ਼ਨ ਅਤੇ ਸਕੱਤਰ ਐਡਵੋਕੇਟ ਅਜੈ ਕੁਮਾਰ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੀ ਪ੍ਰਭਾਵਸ਼ਾਲੀ ਅਗਵਾਈ ਹੇਠ ਕਾਲਜ ਨਿਰੰਤਰ ਤਰੱਕੀ ਦੀ ਰਾਹ ’ਤੇ ਅੱਗੇ ਵੱਧ ਰਿਹਾ ਹੈ। ਇਸੇ ਲੜੀ ਦੇ ਤਹਿਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ‘ਕਰੀਅਰ ਕੌਂਸਲਿੰਗ ਸੈੱਲ ਦੇ ਅਧੀਨ’ “ਨਵੀਂ ਪੀੜ੍ਹੀ ਲਈ ਕਿੱਤਾ ਚੋਣ : ਮੌਕੇ ਅਤੇ ਚੁਣੌਤੀਆਂ” ਵਿਸ਼ੇ ’ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਮੁੱਖ ਵਕਤਾ ਵਜੋਂ ਕਾਲਜ ਦੀ ਹੋਣਹਾਰ ਸਾਬਕਾ ਵਿਦਿਆਰਥਣ ਡਾ. ਪਵਨਦੀਪ ਕੌਰ, ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਐੱਸਐੱਸਡੀ ਕਾਲਜ ਆਫ਼ ਪ੍ਰੋਫ਼ੈਸ਼ਨਲ ਸਟੱਡੀਜ਼, ਬਠਿੰਡਾ ਨੇ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਨੇ ਮੁੱਖ ਵਕਤਾ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਫ਼ੁਲਕਾਰੀ ਤੇ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਅਨੁਸਾਰ ਹੁਨਰ ਵਿਕਸਿਤ ਕਰਨ ਅਤੇ ਸੋਚ-ਵਿਚਾਰ ਕਰਕੇ ਕਿੱਤੇ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਫਲਤਾ ਲਈ ਸਪਸ਼ਟ ਲਕਸ਼ ਅਤੇ ਲਗਨ ਬਹੁਤ ਜ਼ਰੂਰੀ ਹਨ। ਇਸ ਮੌਕੇ ਮੁੱਖ ਵਕਤਾ ਡਾ. ਪਵਨਦੀਪ ਕੌਰ ਨੇ ਆਪਣੇ ਵਿੱਦਿਅਕ ਅਤੇ ਪੇਸ਼ੇਵਰ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਅੱਜ ਦੇ ਯੁੱਗ ਵਿਚ ਰਵਾਇਤੀ ਖੇਤਰਾਂ ਦੇ ਨਾਲ-ਨਾਲ ਨਵੇਂ ਖੇਤਰਾਂ ਵਿਚ ਵੀ ਬੇਹੱਦ ਮੌਕੇ ਮੌਜ਼ੂਦ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕਰੀਅਰ ਦੀ ਚੋਣ ਕਰਨ ਅਤੇ ਨਿਰੰਤਰ ਮਿਹਨਤ ਕਰਦੇ ਰਹਿਣ। ਉਨ੍ਹਾਂ ਨੇ ਮੁਕਾਬਲੇ ਦੀ ਤਿਆਰੀ, ਉੱਚ ਅਧਿਐਨ ਅਤੇ ਰੋਜ਼ਗਾਰ ਸਬੰਧੀ ਕਈ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ। ਇਸ ਸੈਮੀਨਾਰ ਦੇ ਕੋਆਰਡੀਨੇਟਰ ਤੇ ਮੰਚ ਸੰਚਾਲਨ ਦਾ ਕਾਰਜ ਡਾ. ਪਰਮਵੀਰ ਕੌਰ, ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਨੇ ਬੜੇ ਸੁਚਾਰੂ ਢੰਗ ਨਾਲ ਕੀਤਾ। ਇਸ ਸੈਮੀਨਾਰ ਦੇ ਆਖ਼ੀਰ ਵਿਚ ਵਿਦਿਆਰਥੀਆਂ ਨੇ ਮੁੱਖ ਵਕਤਾ ਨਾਲ ਵਿਸ਼ੇ ਨਾਲ ਸਬੰਧਤ ਕਈ ਸਵਾਲ-ਜਵਾਬ ਵੀ ਕੀਤੇ। ਇਸ ਸੈਮੀਨਾਰ ਵਿਚ ਕੁੱਲ 62 ਵਿਦਿਆਰਥਣਾਂ ਅਤੇ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਨੇ ਹਾਜ਼ਰੀ ਭਰੀ।