ਸਾਇੰਸ ਮਾਸਟਰ ਸਚਿਨ ਕੁਮਾਰ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ ’ਚ ਕੀਤੀ ਵਿਲੱਖਣ ਪ੍ਰਾਪਤੀ
ਸਾਇੰਸ ਮਾਸਟਰ ਸਚਿਨ ਕੁਮਾਰ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਕੀਤੀ ਵਿਲੱਖਣ ਪ੍ਰਾਪਤੀ
Publish Date: Sat, 24 Jan 2026 05:00 PM (IST)
Updated Date: Sat, 24 Jan 2026 05:04 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿੱਖਿਆ ਨੂੰ ਰੋਚਕ ਅਤੇ ਜਾਣਕਾਰੀ ਭਰਪੂਰ ਬਣਾਉਣ ਦੇ ਉਦੇਸ਼ ਨਾਲ ਰਾਸ਼ਟਰ ਪੱਧਰ ਤੇ ਕਰਵਾਏ ਜਾਂਦੇ ਟੀਚਿੰਗ ਲਰਨਿੰਗ ਮਟੀਰਿਅਲ (ਟੀਐੱਲਐੱਮ) ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਗੁਰੂਹਰਸਹਾਏ-2 ਬਲਾਕ ਦੇ ਸਰਕਾਰੀ ਹਾਈ ਸਕੂਲ, ਮੋਹਨ ਕੇ ਹਿਠਾੜ ਦੇ ਸਾਇੰਸ ਮਾਸਟਰ ਸਚਿਨ ਕੁਮਾਰ ਨੇ ਵਿਲੱਖਣ ਪ੍ਰਾਪਤੀ ਹਾਸਲ ਕਰਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਡਾ. ਸਤਿੰਦਰ ਸਿੰਘ ਨੇ ਸਚਿਨ ਕੁਮਾਰ ਦੀ ਪ੍ਰਾਪਤੀ ਉਪਰੰਤ ਦਫ਼ਤਰ ਵਿਚ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਉਪਰੰਤ ਦੱਸਿਆ ਕਿ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੀ ‘‘ਦਾ ਟੀਚਰ ਐਪ’’ ਰਾਹੀਂ ਹੋਏ ਰਾਸ਼ਟਰੀ ਪੱਧਰ ਦੇ ਟੀਐੱਲਐੱਮ ਲੀਗ ਮੁਕਾਬਲੇ ਵਿਚ ਸਚਿਨ ਕੁਮਾਰ ਨੂੰ ਦੇਸ਼ ਭਰ ਦੇ ਚੋਟੀ ਦੇ 14 ਨਵੀਨਤਾਕਾਰੀ ਅਧਿਆਪਕਾਂ ਵਿਚ ਚੁਣਿਆ ਗਿਆ ਅਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.). ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਸਚਿਨ ਕੁਮਾਰ ਨੇ 1728 ਪ੍ਰਤੀਭਾਗੀਆਂ ਵਿੱਚੋਂ ਬਾਜ਼ੀ ਮਾਰੀ ਹੈ। ਦੱਸਣਯੋਗ ਹੈ ਕਿ ਇਸ ਮੁਕਾਬਲੇ ਵਿਚ ਦੇਸ਼ ਦੇ 16 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 1728 ਅਧਿਆਪਕ ਦੁਆਰਾ ਭਾਗ ਲਿਆ ਗਿਆ ਸੀ। ਸਚਿਨ ਕੁਮਾਰ ਵੱਲੋਂ ਤਿਆਰ ਕੀਤੇ ਗਏ ਨਵੀਨਤਾਕਾਰੀ ਟੀਚਿੰਗ ਲਰਨਿੰਗ ਮਟੀਰੀਅਲ (ਟੀ ਐਲ ਐਮ) ਨੂੰ ਕਲਾਸਰੂਮ ਵਿਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਪ੍ਰਭਾਵਸ਼ਾਲੀ ਅਤੇ ਦਿਲਚਸਪ ਬਣਾਉਣ ਲਈ ਸਰਵੋਤਮ ਮੰਨਿਆ ਗਿਆ। ਉਨ੍ਹਾਂ ਦੱਸਿਆ ਕਿ ਦਿੱਲੀ ਵਿਖੇ ਆਯੋਜਿਤ ਇਸ ਸਮਾਗਮ ਵਿਚ ਸੀਬੀਐੱਸਈ ਦੇ ਡਾਇਰੈਕਟਰ ਟਰੇਨਿੰਗ ਮਨੋਜ ਕੁਮਾਰ ਸ੍ਰੀਵਾਸਤਵ, ਨੀਤੀ ਆਯੋਗ ਦੇ ਅਧਿਕਾਰੀ ਲੈਫਟੀਨੈਂਟ ਕਰਨਲ ਜਤਿੰਦਰ ਵਰਮਾ ਅਤੇ ਭਾਰਤੀ ਐਂਟਰਪ੍ਰਾਈਜ਼ਿਜ਼ ਦੇ ਵਾਈਸ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਨੇ ਸਚਿਨ ਕੁਮਾਰ ਵਰਗੇ ਅਧਿਆਪਕਾਂ ਨੂੰ ਪਰਿਵਰਤਨ ਦੇ ਮੋਢੀ ਦੱਸਦਿਆਂ ਕਿਹਾ ਕਿ ਅਜਿਹੇ ਉਪਰਾਲੇ ਹੀ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਹਨ। ਸਚਿਨ ਕੁਮਾਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਵਿਦਿਆਰਥੀਆਂ ਅਤੇ ਸਹਿਯੋਗੀ ਸਟਾਫ਼ ਸਿਰ ਬੰਨਿ੍ਹਆ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਅਕਾਦਮਿਕ ਮੈਂਟਰ ਦੀਪਕ ਕੁਮਾਰ ਅਤੇ ਈਸ਼ਵਨੀਤ ਸਿੰਘ ਦਾ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਸੁਖਚੈਨ ਸਿੰਘ ਸਟੈਨੋ, ਅਕਸ਼ ਕੁਮਾਰ ਡੀ ਐਮ ਸਪੋਰਟਸ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।