ਐੱਸਬੀਐੱਸਐੱਸਯੂ ਤੇ ਐੱਨਆਈਟੀਟੀਆਰ ’ਚ ਹੋਇਆ ਕਰਾਰ
ਐੱਸਬੀਐੱਸਐੱਸਯੂ, ਫਿਰੋਜ਼ਪੁਰ ਅਤੇ ਐੱਨਆਈਟੀਟੀਆਰ, ਚੰਡੀਗੜ੍ਹ ਵੱਲੋਂ ਅਕਾਦਮਿਕ ਅਤੇ ਖੋਜ ਸਹਿਯੋਗ ਮਜ਼ਬੂਤ ਕਰਨ ਲਈ ਸਮਝੌਤਾ ਯਾਦਦਾਸ਼ਤ (ਐੱਮਓਯੂ) ’ਤੇ ਦਸਤਖ਼ਤ
Publish Date: Tue, 03 Mar 2026 06:46 PM (IST)
Updated Date: Tue, 03 Mar 2026 06:47 PM (IST)
ਸਟਾਫ ਰਿਪੋਰਟਰ+, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ਼ ਟ੍ਰੇਨਿੰਗ ਐਂਡ ਰਿਸਰਚ (ਐੱਨਆਈਟੀਟੀਆਰ), ਚੰਡੀਗੜ੍ਹ ਨੇ 2 ਮਾਰਚ 2026 ਨੂੰ ਅਕਾਦਮਿਕ ਉਤਕ੍ਰਿਸ਼ਟਤਾ, ਅਧਿਆਪਕ ਵਿਕਾਸ, ਖੋਜ ਨਵੀਨਤਾ ਅਤੇ ਸੰਸਥਾਗਤ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਸਮਝੌਤਾ ਯਾਦਦਾਸ਼ਤ (ਐਮ ਓ ਯੂ) ’ਤੇ ਦਸਤਖ਼ਤ ਕੀਤੇ। ਇਸ ਸਮਝੌਤੇ ’ਤੇ ਐੱਸਬੀਐੱਸਐੱਸਯੂ, ਫਿਰੋਜ਼ਪੁਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੁਰੇਸ਼ ਕੁਮਾਰ ਸ਼ਰਮਾ ਅਤੇ ਐੱਨਆਈਟੀਟੀਆਰ, ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਭੋਲਾ ਰਾਮ ਗੁਰਜਰ ਨੇ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦਸਤਖ਼ਤ ਕੀਤੇ। ਦੋਵਾਂ ਸੰਸਥਾਵਾਂ ਨੇ ਭਰੋਸਾ ਜਤਾਇਆ ਕਿ ਇਹ ਨਵੀਂ ਸਹਿਯੋਗੀ ਯਾਤਰਾ ਭਵਿੱਖ ਵਿੱਚ ਮਹੱਤਵਪੂਰਨ ਅਕਾਦਮਿਕ ਉਪਲਬੱਧੀਆਂ ਅਤੇ ਸਾਂਝੀ ਸਫਲਤਾ ਦਾ ਰਾਹ ਖੋਲ੍ਹੇਗੀ।ਇਹ ਸਹਿਯੋਗ ਸਾਂਝੇ ਖੋਜ ਯਤਨਾਂ ਨੂੰ ਮਜ਼ਬੂਤ ਕਰਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ, ਹੁਨਰ ਵਿਕਾਸ ਪ੍ਰੋਗਰਾਮਾਂ ਅਤੇ ਅਕਾਦਮਿਕ ਅਤੇ ਪੇਸ਼ੇਵਰ ਗਤੀਵਿਧੀਆਂ ਦੇ ਸਾਂਝੇ ਆਯੋਜਨ ਵੱਲ ਇਕ ਅਗੇਤੀ ਕਦਮ ਹੈ। ਐਸਬੀਐੱਸਐੱਸਯੂ ਵੱਲੋਂ ਡਾ. ਗਜ਼ਲ ਪ੍ਰੀਤ ਸਿੰਘ, ਰਜਿਸਟਰਾਰ, ਅਤੇ ਡਾ. ਰਾਜੀਵ ਕੁਮਾਰ ਗਰਗ, ਡੀਨ ਅਕੈਡਮਿਕਸ, ਸਮਾਰੋਹ ਦੌਰਾਨ ਮੌਜ਼ੂਦ ਰਹੇ।