ਐੱਸਬੀਐੱਸ ਐੱਸਯੂ ਦੇ ਉਪ ਕੁਲਪਤੀ ਰਾਜਪਾਲ ਕਟਾਰੀਆ ਨੂੰ ਮਿਲੇ
ਐੱਸਬੀਐੱਸ ਐੱਸਯੂ ਦੇ ਉਪ ਕੁਲਪਤੀ ਨੇ ਪੰਜਾਬ ਦੇ ਮਾਣਯੋਗ ਰਾਜਪਾਲ ਨਾਲ ਮੁਲਾਕਾਤ ਕੀਤੀ
Publish Date: Sat, 31 Jan 2026 04:44 PM (IST)
Updated Date: Sat, 31 Jan 2026 04:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਦੇ ਕੁਲਪਤੀ ਪ੍ਰੋ. ਡਾ. ਸੁਰੇਸ਼ ਸ਼ਰਮਾ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗ਼ਜ਼ਲਪ੍ਰੀਤ ਸਿੰਘ ਦੇ ਨਾਲ ਮਿਲ ਕੇ ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਰਾਜ ਭਵਨ ਵਿਖੇ ਮੁਲਾਕਾਤ ਕੀਤੀ। ਉਨ੍ਹਾਂ ਵੱਲੋਂ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ, ਪ੍ਰਮੁੱਖ ਵਿਕਾਸਾਤਮਕ ਪਹਿਲਕਦਮੀਆਂ ਅਤੇ ਭਵਿੱਖੀ ਵਿਕਾਸ ਸਬੰਧੀ ਵਿਸਥਾਰਪੂਰਕ ਅਤੇ ਅਰਥਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਅਕਾਦਮਿਕ ਗੁਣਵੱਤਾ, ਬੁਨਿਆਦੀ ਢਾਂਚੇ, ਨਵੀਨਤਾ ਅਤੇ ਖੇਤਰੀ ਤੇ ਰਾਸ਼ਟਰੀ ਵਿਕਾਸ ਵਿਚ ਯੂਨੀਵਰਸਿਟੀ ਦੀ ਵੱਧ ਰਹੀ ਭੂਮਿਕਾ ’ਤੇ ਜ਼ੋਰ ਦਿੱਤਾ ਗਿਆ। ਮੁਲਾਕਾਤ ਦੌਰਾਨ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਸੰਸਥਾ ਦੇ ਸਮੁੱਚੇ ਵਿਕਾਸ ਅਤੇ ਜ਼ਰੂਰੀ ਬੁਨਿਆਦੀ ਅਤੇ ਵਿਕਾਸ ਸਬੰਧੀ ਲੋੜਾਂ ਬਾਰੇ ਗਵਰਨਰ ਨੂੰ ਅਗਾਹ ਕੀਤਾ ਗਿਆ। ਇਨ੍ਹਾਂ ਵਿਚ ਮੁੱਖ ਤੌਰ ’ਤੇ ਕੈਂਪਸ ਦੀ ਡਬਲ ਰੋਡ ਦੀ ਮੁਰੰਮਤ ਅਤੇ ਕਾਰਪੇਟਿੰਗ, ਯੂਨੀਵਰਸਿਟੀ ਦੀ ਨੁਕਸਾਨੀ ਹੋਈ ਚਾਰਦੀਵਾਰੀ ਦੀ ਮੁਰੰਮਤ ਅਤੇ ਦੁਬਾਰਾ ਨਿਰਮਾਣ, ਅਕਾਦਮਿਕ, ਸਾਂਸਕ੍ਰਿਤਿਕ ਅਤੇ ਸਰਕਾਰੀ ਸਮਾਗਮਾਂ ਲਈ ਇਕ ਵੱਖਰੇ ਆਡੀਟੋਰੀਅਮ ਦੀ ਨਿਰਮਾਣ ਅਤੇ ਮਹਾਨੁਭਾਵਾਂ, ਵਿਦਵਾਨਾਂ ਅਤੇ ਅਧਿਕਾਰੀਆਂ ਦੀ ਮੇਜ਼ਬਾਨੀ ਲਈ ਇਕ ਵੱਖਰੇ ਗੈਸਟ ਹਾਊਸ ਦੀ ਲੋੜ ਸ਼ਾਮਲ ਸੀ। ਇਸ ਦੇ ਨਾਲ ਨਾਲ ਕੈਂਪਸ ਦੀਆਂ ਮੌਜ਼ੂਦਾ ਅਕਾਦਮਿਕ, ਹੋਸਟਲਾਂ ਤੇ ਰਿਹਾਇਸ਼ੀ ਤੇ ਹੋਰ ਬਿਲਡਿੰਗਾਂ ਦੀ ਜ਼ਰੂਰੀ ਮੁਰੰਮਤ ਆਦਿ ਨੂੰ ਵੀ ਰੇਖਾਂਕਿਤ ਕੀਤਾ ਗਿਆ, ਤਾਂ ਜੋ ਇਕ ਸੁਰੱਖਿਅਤ, ਸਾਫ਼-ਸੁਥਰਾ ਅਤੇ ਅਨੁਕੂਲ ਅਕਾਦਮਿਕ ਅਤੇ ਰਿਹਾਇਸ਼ੀ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਯੂਨੀਵਰਸਿਟੀ ਵੱਲੋਂ ਅਕਾਦਮਿਕ ਵਿਸਤਾਰ ਅਤੇ ਭਵਿੱਖੀ ਤਿਆਰੀ ਦੇ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਨਵੇਂ ਰੋਜ਼ਗਾਰ-ਕੇਂਦਰਿਤ ਅਤੇ ਪੇਸ਼ੇਵਰ ਕੋਰਸ ਸ਼ੁਰੂ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਗਈ। ਰਾਸ਼ਟਰੀ ਅਤੇ ਵਿਸ਼ਵ ਪੱਧਰ ’ਤੇ ਉਭਰ ਰਹੀਆਂ ਲੋੜਾਂ ਦੇ ਅਨੁਸਾਰ ਅਤੇ ਵਿਦਿਆਰਥੀਆਂ ਦੀ ਰੋਜ਼ਗਾਰ ਯੋਗਤਾ ਵਧਾਉਣ ਦੇ ਉਦੇਸ਼ ਨਾਲ ਕ੍ਰਿਤ੍ਰਿਮ ਬੁੱਧੀਮਤਾ (ਏਆਈ), ਮਸ਼ੀਨ ਲਰਨਿੰਗ, ਬਾਇਓ ਇਨਫੋਰਮੈਟਿਕਸ, ਅਰਥਸ਼ਾਸਤਰ, ਮੈਡੀਕਲ ਲੈਬੋਰੇਟਰੀ ਟੈਕਨੋਲੋਜੀ, ਸਕੂਲ ਆਫ ਪਬਲਿਕ ਹੈੱਲਥ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਵਰਗੇ ਵਿਸ਼ਿਆਂ ਵਿਚ ਨਵੇਂ ਕੋਰਸ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਗਈ।