ਹੜ੍ਹ ਪ੍ਰਭਾਵਿਤਾਂ ਲਈ ਸਰਬੱਤ ਦਾ ਭਲਾ ਟਰੱਸਟ ਦਾ ਮੁੜ ਵੱਡਾ ਉਪਰਾਲਾ
ਹੜ੍ਹ ਪ੍ਰਭਾਵਿਤਾਂ ਲਈ ਸਰਬੱਤ ਦਾ ਭਲਾ ਟਰੱਸਟ ਦਾ ਮੁੜ ਵੱਡਾ ਉਪਰਾਲਾ
Publish Date: Thu, 26 Feb 2026 03:58 PM (IST)
Updated Date: Fri, 27 Feb 2026 04:02 AM (IST)

ਸਰਹੱਦੀ ਖੇਤਰ ਦੀਆਂ 37 ਹੋਰ ਧੀਆਂ ਨੂੰ ਵਿਆਹਾਂ ਲਈ ਇਕ-ਇਕ ਲੱਖ ਰੁਪਏ ਦੇ ਚੈੱਕ ਦਿੱਤੇ ਟਰੱਸਟ ਵੱਲੋਂ 214 ਧੀਆਂ ਦੇ ਵਿਆਹ ਮੁਕੰਮਲ, ਘਰ ਬਣਾਉਣ ਦਾ ਕੰਮ ਹੋਇਆ ਸ਼ੁਰੂ : ਡਾ.ਉਬਰਾਏ ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਆਪਣੀ ਵਿਲੱਖਣ ਸੇਵਾ ਕਾਰਜ ਸ਼ੈਲੀ ਤੇ ਖੁੱਲ੍ਹ ਦਿਲੀ ਕਾਰਨ ਪੂਰੀ ਦੁਨੀਆਂ ਅੰਦਰ ‘ਰੱਬ ਦੇ ਫਰਿਸ਼ਤੇ’ ਵਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸਪੀ ਸਿੰਘ ਉਬਰਾਏ ਦੀ ਸਰਪ੍ਰਸਤੀ ਹੇਠ ਟਰੱਸਟ ਵੱਲੋਂ ਸ਼ੁਰੂ ਕੀਤੀ ਗਈ ‘‘ਹੜ ਪ੍ਰਭਾਵਿਤ ਵਿਆਹ ਯੋਜਨਾ’’ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨਾਲ ਸਬੰਧਤ 31 ਵੱਖ-ਵੱਖ ਪਰਿਵਾਰਾਂ ਦੀਆਂ ਧੀਆਂ ਸਮੇਤ ਮੋਗਾ ਜ਼ਿਲ੍ਹੇ ਦੀਆਂ 4 ਧੀਆਂ ਜ਼ਿਲ੍ਹਾ ਜਲੰਧਰ ਦੀ 1 ਧੀ ਅਤੇ ਕਪੂਰਥਲਾ ਜ਼ਿਲ੍ਹੇ ਦੀ 1 ਧੀ ਦੇ ਵਿਆਹ ਲਈ ਸਹਾਇਤਾ ਦੇ ਰੂਪ ’ਚ ਇਕ-ਇਕ ਲੱਖ ਰੁਪਏ ਦੇ 37 ਲੱਖ ਰਾਸ਼ੀ ਦੇ ਚੈੱਕ ਸ਼ਗਨ ਵਜੋਂ ਦਿੱਤੇ ਗਏ। ਇਸ ਸੇਵਾ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਉਚੇਚੇ ਤੌਰ ’ਤੇ ਸਰਹੱਦੀ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮਖੂ ਦੇ ਬੀਸੀ ਇੰਟਰਨੈਸ਼ਨਲ ਸਕੂਲ ਵਿਚ ਕਰਵਾਏ ਗਏ ਸਮਾਗਮ ਵਿਚ ਡਾ. ਐੱਸ ਪੀ ਸਿੰਘ ਉਬਰਾਏ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਸਮਾਗਮ ਵਿਚ ਉਨ੍ਹਾਂ ਨਾਲ ਜ਼ੀਰਾ ਵਿਧਾਇਕ ਨਰੇਸ਼ ਕਟਾਰੀਆ ਅਤੇ ਟਰੱਸਟ ਦੇ ਅਮਰੀਕਾ ਇਕਾਈ ਦੇ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ, ਸਿਆਸਲ ਯੂਐੱਸਏ ਦੀ ਟੀਮ, ਡਿਪਟੀ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਚਾਹਲ, ਜ਼ਿਲ੍ਹਾ ਮੋਗਾ ਦੇ ਪ੍ਰਧਾਨ ਗੋਕਲ ਚੰਦ ਬੁੱਘੀਪੁਰਾ, ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਕਾਹਲੋਂ, ਗੁਰਬਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਡਾ. ਐੱਸਪੀ ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਨ ਦੇ ਫ਼ੈਸਲੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੀਆਂ 31 ਧੀਆਂ, ਤਰਨਤਾਰਨ ਦੀਆਂ 25, ਅੰਮ੍ਰਿਤਸਰ ਦੀਆਂ 16 ਧੀਆਂ, ਫਾਜ਼ਿਲਕਾ ਦੀਆਂ 28 ਧੀਆਂ, ਮੋਗਾ ਦੀਆਂ 4 ਧੀਆਂ ਜਦ ਕਿ ਕਪੂਰਥਲਾ, ਜਲੰਧਰ ਤੇ ਗੁਰਦਾਸਪੁਰ ਦੀਆਂ 1-1 ਧੀਆਂ ਭਾਵ ਕੁਲ 107 ਪਰਿਵਾਰਾਂ ਨੂੰ ਵਿਆਹਾਂ ਵਾਸਤੇ ਇਕ-ਇਕ ਲੱਖ ਰੁਪਏ ਦੇਣ ਉਪਰੰਤ ਹੁਣ ਤੱਕ ਟਰੱਸਟ ਵੱਲੋਂ ਕੁਲ 214 ਧੀਆਂ ਦੇ ਵਿਆਹ ਮੁਕੰਮਲ ਹੋ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਘਰਾਂ ਨੂੰ ਬਣਾਉਣ ਦਾ ਕਾਰਜ ਵੀ ਆਰੰਭ ਹੋ ਗਿਆ ਹੈ ਜਿਸ ਤਹਿਤ 15 ਪੀੜਤ ਪਰਿਵਾਰਾਂ ਨੂੰ ਲੋੜੀਂਦੀ ਰਾਸ਼ੀ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਡਾ. ਉਬਰਾਏ ਨੇ ਵਿਆਹ ਕਾਰਜਾਂ ਦੀ ਵੱਡੀ ਸੇਵਾ ਨੂੰ ਨੇਪਰੇ ਚਾੜ੍ਹਨ ਲਈ ਸਿਆਟਲ (ਯੂਐੱਸਏ) ਦੀ ਸਮੂਹ ਸਾਧ ਸੰਗਤ ਵੱਲੋਂ ਪਾਏ ਗਏ ਵਿਸ਼ੇਸ਼ ਯੋਗਦਾਨ ਲਈ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਟਰੱਸਟ ਦੀ ਸਿਆਟਲ ਇਕਾਈ ਦੇ ਅਹੁਦੇਦਾਰ ਵੀ ਉਚੇਚੇ ਤੌਰ ’ਤੇ ਅਮਰੀਕਾ ਤੋਂ ਆ ਕੇ ਵਿਆਹ ਸਮਾਗਮਾਂ ਦਾ ਹਿੱਸਾ ਬਣੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਵਿਆਹ ਵਾਲੀਆਂ ਧੀਆਂ ਨੂੰ ਆਏ ਹੋਏ ਟਰੱਸਟ ਦੇ ਮੋਹਤਬਰਾਂ ਵੱਲੋਂ ਨਵੀ ਜ਼ਿੰਦਗੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅਖ਼ੀਰ ’ਚ ਆਏ ਹੋਏ ਮਹਿਮਾਨਾਂ ਨੂੰ ਬੀਸੀ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ, ਕਸਬਾ ਮਖੂ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਵੱਲੋਂ ਡਾ.ਉਬਰਾਏ ਸਮੇਤ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਟਰੱਸਟ ਦੀ ਸਿਆਟਲ ਇਕਾਈ ਦੇ ਪ੍ਰਧਾਨ ਦਇਆਬੀਰ ਸਿੰਘ ਪਿੰਟੂ ਬਾਠ, ਗੁਰਦੀਪ ਸਿੰਘ ਸਿੱਧੂ, ਹਰਦੀਪ ਸਿੰਘ ਸਿੱਧੂ ਯੂ ਐਸ ਏ, ਅਮਰਜੀਤ ਸਿੰਘ ਬਰਾੜ, ਮਹਿੰਦਰ ਸਿੰਘ ਸੰਘਾ, ਗੁਰਮੀਤ ਸਿੰਘ ਨਿੱਝਰ, ਕੌਂਸਲਰ ਮਨਜਿੰਦਰ ਸਿੰਘ ਮਿੰਟੂ, ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਖ਼ਜ਼ਾਨਚੀ ਵਿਜੈ ਕੁਮਾਰ ਬਹਿਲ, ਜਰਨਲ ਸਕੱਤਰ ਪਾਲ ਸਿੰਘ, ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ, ਇੰਚਾਰਜ ਤਲਵੰਡੀ ਭਾਈ ਜਸਪ੍ਰੀਤ ਕੌਰ, ਬਲਦੇਵ ਸਿੰਘ ਸਰਾਂ, ਮਹਾਂਵੀਰ ਸਿੰਘ, ਮਨਪ੍ਰੀਤ ਸਿੰਘ, ਜਗਸੀਰ ਸਿੰਘ, ਰਾਮ ਸਿੰਘ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ, ਰਣਧੀਰ ਜੋਸ਼ੀ, ਮੀਤ ਪ੍ਰਧਾਨ ਮੋਗਾ ਰਣਜੀਤ ਸਿੰਘ ਧਾਲੀਵਾਲ, ਜਨਰਲ ਸਕੱਤਰ ਮੋਗਾ ਅਵਤਾਰ ਸਿੰਘ ਘੋਲੀਆ, ਰਾਮ ਸਿੰਘ ਜਾਨੀਆ ਮੋਗਾ ਟੀਮ, ਸੁਖਦਰਸ਼ਨ ਸਿੰਘ, ਜਸਵਿੰਦਰ ਕੌਰ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ, ਸਮਾਜ ਸੇਵੀ ਅਸ਼ੋਕ ਕੁਮਾਰ ਕਥੂਰੀਆ ਜੀਰਾ, ਸਮਾਜ ਸੇਵੀ ਅੰਗਰੇਜ਼ ਸਿੰਘ, ਗੁਰਮੇਲ ਸਿੰਘ ਸੰਘੇੜਾ, ਪੱਤਰਕਾਰ ਭਾਈਚਾਰਾ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ ਸਮੇਤ ਇਲਾਕੇ ਦੇ ਮੋਹਤਬਰ ਵਿਅਕਤੀ ਮੌਜ਼ੂਦ ਸਨ।