ਸੰਤ ਨਿਰੰਕਾਰੀ ਮਿਸ਼ਨ ਨੇ ਹੁਸੈਨੀਵਾਲ਼ਾ ਬੋਰਡਰ ’ਤੇ ਕੀਤੀ ਸਾਫ਼-ਸਫ਼ਾਈ
ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਫ਼ਿਰੋਜ਼ਪੁਰ ਵੱਲੋਂ ਹੁਸੈਨੀਵਾਲ਼ਾ ਬੋਰਡਰ ’ਤੇ ਸਾਫ਼ ਸਫ਼ਾਈ ਕੀਤੀ
Publish Date: Sun, 22 Feb 2026 05:30 PM (IST)
Updated Date: Sun, 22 Feb 2026 05:33 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੰਤ ਨਿਰੰਕਾਰੀ ਮਿਸ਼ਨ ਬ੍ਰਾਂਚ ਫ਼ਿਰੋਜ਼ਪੁਰ ਵੱਲੋਂ ਹੁਸੈਨੀਵਾਲ਼ਾ ਬੋਰਡਰ ’ਤੇ ਸ਼ਹੀਦ ਭਗਤ ਸਿੰਘ ਦੀ ਸਮਾਧ ਦੇ ਆਸ-ਪਾਸ ਦੇ ਪੂਰੇ ਖੇਤਰ ਅਤੇ ਤਲਾਬਾਂ ਦੀ ਸਾਫ਼-ਸਫ਼ਾਈ ਕੀਤੀ ਗਈ। ਫ਼ਿਰੋਜ਼ਪੁਰ ਜੋਨ ਦੇ ਜੋਨਲ ਇੰਚਾਰਜ਼ ਐੱਨਐੱਸ ਗਿੱਲ ਅਤੇ ਫ਼ਿਰੋਜ਼ਪੁਰ ਬ੍ਰਾਂਚ ਇੰਚਾਰਜ਼ ਗੁਰਮੀਤ ਸਿੰਘ ਨੇ ਦੱਸਿਆ ਕੇ ਬਾਬਾ ਹਰਦੇਵ ਸਿੰਘ ਦੇ ਜਨਮ ਦਿਵਸ ਦੇ ਮੌਕੇ ਨਿਰੰਕਾਰੀ ਮਿਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੇ ਭਾਰਤ ਵਿਚ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸਫ਼ਾਈ ਅਭਿਆਨ ਚਲਾਇਆ ਗਿਆ ਹੈ। ਇਸੇ ਲੜੀ ਤਹਿਤ ਫ਼ਿਰੋਜ਼ਪੁਰ ਵਿਖੇ ਵੀ ਸਫ਼ਾਈ ਅਭਿਆਨ ਸਵੇਰੇ 7 ਵਜੇ ਤੋਂ 11 ਵਜੇ ਤੱਕ ਚਲਾਇਆ ਗਿਆ। ਇਸ ਸਫ਼ਾਈ ਅਭਿਆਨ ਵਿਚ 300 ਤੋਂ ਵੱਧ ਸਾਧ ਸੰਗਤ ਅਤੇ ਸੇਵਾਦਲ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਮਾਧ ਦੇ ਨਾਲ਼ ਲੱਗਦੇ ਖੇਤਰਾਂ ਅਤੇ ਤਲਾਬਾਂ ਦੀ ਵਧੀਆ ਤਰੀਕੇ ਨਾਲ਼ ਪੂਰੀ ਤਰ੍ਹਾਂ ਸਾਫ਼ ਸਫ਼ਾਈ ਕੀਤੀ। ਸਫ਼ਾਈ ਮੁਹਿੰਮ ਤੋਂ ਬਾਦ ਖੁੱਲ੍ਹੇ ਰੂਪ ਵਿਚ ਸਤਿਸੰਗ ਦਾ ਆਯੋਜਨ ਵੀ ਕੀਤਾ ਗਿਆ। ਸਮੂਹ ਸੇਵਾਦਲ ਤੇ ਵਲੰਟੀਯਰਾਂ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।