ਸੰਤ ਕਬੀਰ ਕਾਲਜ ਜ਼ੀਰਾ ਨੂੰ ਰਾਜ ਪੱਧਰੀ ਸਮਾਰੋਹ ’ਚ ਮਿਲਿਆ ਸਨਮਾਨ
ਸੰਤ ਕਬੀਰ ਕਾਲਜ ਜ਼ੀਰਾ ਨੂੰ ਰਾਜ ਪੱਧਰੀ ਸਮਾਰੋਹ ਵਿਚ ਮਿਲਿਆ ਸਨਮਾਨ
Publish Date: Sun, 22 Feb 2026 03:58 PM (IST)
Updated Date: Sun, 22 Feb 2026 04:00 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸਿੱਖਿਆ ਅਤੇ ਸਮਾਜਿਕ ਜਾਗਰੂਕਤਾ ਦੇ ਖੇਤਰ ਵਿਚ ਅਗਵਾਈ ਕਰ ਰਹੇ ਸੰਤ ਕਬੀਰ ਕਾਲਜ ਜ਼ੀਰਾ ਨੇ ਇਕ ਹੋਰ ਉਪਲਬਧੀ ਆਪਣੇ ਨਾਮ ਕੀਤੀ ਹੈ। ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਅੰਸ਼ੂ ਕਟਾਰੀਆ ਵੱਲੋਂ ਪੀਐੱਚਡੀ ਭਵਨ, ਚੰਡੀਗੜ੍ਹ ਵਿਚ ਆਯੋਜਿਤ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਕਾਲਜ ਨੂੰ ਗਵਰਨਰ ਜਾਗਰੂਕਤਾ ਰੈਲੀ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਵਿਚ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਚਾਂਸਲਰਾਂ ਅਤੇ ਕਾਲਜਾਂ ਦੇ ਚੇਅਰਮੈਨਾਂ ਨੇ ਭਾਗ ਲੈ ਕੇ ਸਮਾਗਮ ਦੀ ਸ਼ਾਨ ਵਧਾਈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਸਿਰਫ਼ ਅਕਾਦਮਿਕ ਉਤਕ੍ਰਿਸ਼ਟਤਾ ਤੱਕ ਸੀਮਿਤ ਨਾ ਰਹਿਣ, ਬਲਕਿ ਸਮਾਜਿਕ ਮੁਹਿੰਮਾਂ ਵਿਚ ਅਗੇਤਰ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਸਿੱਖਿਆ ਸੰਸਥਾਵਾਂ ਸਿਰਫ ਡਿਗਰੀਆਂ ਨਹੀਂ ਦਿੰਦੀਆਂ ਸਗੋਂ ਸਮਾਜਿਕ ਬਦਲਾਅ ਦੀ ਮਜ਼ਬੂਤ ਨੀਹ ਵੀ ਰੱਖਦੀਆਂ ਹਨ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਅਤੇ ਜਾਗਰੂਕ ਸਮਾਜ ਦੇ ਨਿਰਮਾਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਸਮਾਰੋਹ ਵਿਚ ਮਸ਼ਹੂਰ ਫ਼ਿਲਮੀ ਹਸਤੀਆਂ ਐਮੀ ਵਿਰਕ ਅਤੇ ਬੀਨੂੰ ਢਿੱਲੋ ਵੀ ਵਿਸ਼ੇਸ਼ ਤੌਰ ’ਤੇ ਮੌਜ਼ੂਦ ਰਹੇ। ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜਿਕ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜਾਗਰੂਕ ਨੌਜਵਾਨ ਹੀ ਮਜ਼ਬੂਤ ਭਵਿੱਖ ਦੀ ਨੀਂਹ ਹੁੰਦੇ ਹਨ। ਇਸ ਮੌਕੇ ’ਤੇ ਸੰਤ ਕਬੀਰ ਕਾਲਜ, ਜੀਰਾ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਪ੍ਰਿੰਸੀਪਲ ਡਾ. ਵੀਰਪਾਲ ਨੂੰ ਸਤਨਾਮ ਸਿੰਘ ਸੰਧੂ ਵੱਲੋਂ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ। ਇਸ ਉਪਲਬੱਧੀ ਨਾਲ ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਕਿਹਾ ਕਿ ਸੰਸਥਾ ਭਵਿੱਖ ਵਿਚ ਵੀ ਵਿਦਿਕ ਅਤੇ ਸਮਾਜਿਕ ਖੇਤਰ ਵਿੱਚ ਉੱਚ ਮਿਆਰ ਕਾਇਮ ਰੱਖਦਿਆਂ ਨੌਜਵਾਨ ਪੀੜੀ ਨੂੰ ਸੰਸਕਾਰ ਸਿੱਖਿਆ ਅਤੇ ਜ਼ਿੰਮੇਵਾਰੀ ਦੀ ਰਾਹ ਤੇ ਅੱਗੇ ਵਧਾਉਂਦੀ ਰਹੇਗੀ।