ਸੰਧੂ ਹਸਪਤਾਲ ਨੇ ਸਿਹਤ ਸੇਵਾਵਾਂ ਵਿਚ ਹਮੇਸ਼ਾਂ ਅਹਿਮ ਯੋਗਦਾਨ ਪਾਇਆ : ਭੁੱਲਰ
ਸੰਧੂ ਹਸਪਤਾਲ ਨੇ ਸਿਹਤ ਸੇਵਾਵਾਂ ਵਿਚ ਹਮੇਸ਼ਾਂ ਅਹਿਮ ਯੋਗਦਾਨ ਪਾਇਆ: ਭੁੱਲਰ
Publish Date: Sun, 01 Feb 2026 06:07 PM (IST)
Updated Date: Sun, 01 Feb 2026 06:10 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ
ਫ਼ਿਰੋਜ਼ਪੁਰ : ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜ਼ਪੁਰ ਸ਼ਹਿਰ ਨੇ ਸਥਾਨਕ ਸੰਧੂ ਹਸਪਤਾਲ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਨੇ ਹਸਪਤਾਲ ਵਿਚ ਦਾਖ਼ਲ ਨਵਜੰਮੇ ਬੱਚਿਆਂ ਦੇ ਮਾਪਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਕਾਰ ਵੱਲੋਂ ਚਲਾਈ ਜਾ ਰਹੀ ਸਿਹਤ ਕਾਰਡ ਸਕੀਮ ਅਧੀਨ ਮਿਲ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਲਈ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਇਹ ਹੈ ਕਿ ਹਰ ਪਰਿਵਾਰ ਨੂੰ ਗੁਣਵੱਤਾ ਭਰੀ ਸਿਹਤ ਸੇਵਾ ਬਿਨ੍ਹਾ ਕਿਸੇ ਵਿੱਤੀ ਬੋਝ ਦੇ ਉਪਲਬੱਧ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਸੰਧੂ ਹਸਪਤਾਲ ਪੰਜਾਬ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹਸਪਤਾਲ ਹੈ, ਜਿੱਥੇ ਸਿਹਤ ਕਾਰਡ ਤਹਿਤ ਨਵਜੰਮੇ ਬੱਚਿਆਂ ਦਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ। ਵਿਧਾਇਕ ਨੇ ਹਸਪਤਾਲ ਪ੍ਰਬੰਧਨ ਦੇ ਯਤਨਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਹੂਲਤਾਂ ਨਾਲ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਿਚ ਮੱਦਦ ਮਿਲਦੀ ਹੈ। ਇਸ ਮੌਕੇ ਪਹਿਲਾਂ ਤੋਂ ਇਲਾਜ ਅਧੀਨ ਤਿੰਨ ਨਵਜੰਮੇ ਬੱਚਿਆਂ ਦੇ ਮਾਪਿਆਂ ਨੇ ਮੀਡੀਆ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਮਾਪਿਆਂ ਨੇ ਦੱਸਿਆ ਕਿ ਸਿਹਤ ਕਾਰਡ ਸਕੀਮ ਕਾਰਨ ਉਨ੍ਹਾਂ ਨੂੰ ਮਹਿੰਗੇ ਇਲਾਜ ਦੀ ਚਿੰਤਾ ਤੋਂ ਮੁਕਤੀ ਮਿਲੀ ਹੈ ਅਤੇ ਹਸਪਤਾਲ ਸਟਾਫ਼ ਵੱਲੋਂ ਉਨ੍ਹਾਂ ਦੇ ਬੱਚਿਆਂ ਦੀ ਸੰਭਾਲ ਬਹੁਤ ਹੀ ਜ਼ਿੰਮੇਵਾਰੀ ਨਾਲ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਸੰਧੂ ਹਸਪਤਾਲ ਪਿਛਲੇ 20 ਸਾਲਾਂ ਤੋਂ ਇਲਾਕੇ ਵਿਚ ਬੱਚਿਆਂ ਦੇ ਇਲਾਜ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਮੌਕੇ ਹਸਪਤਾਲ ਦੇ ਪ੍ਰਮੁੱਖ ਡਾਕਟਰ ਆਰ ਐਸ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿਚ 30 ਬੈਡ ਦਾ ਆਧੁਨਿਕ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ ਸਥਾਪਿਤ ਹੈ, ਜਿੱਥੇ ਅਧੁਨਿਕ ਮਸ਼ੀਨਾਂ ਅਤੇ ਤਜਰਬੇਕਾਰ ਸਟਾਫ਼ ਰਾਹੀਂ ਨਵਜੰਮੇ ਬੱਚਿਆਂ ਦਾ ਉੱਚ ਪੱਧਰੀ ਇਲਾਜ ਕੀਤਾ ਜਾਂਦਾ ਹੈ। ਸੰਧੂ ਹੌਸਪੀਟਲ ਕੋਲ 10 ਵੈਂਟੀਲੇਟਰ, 12 ਸੀਪੀਏਪੀ ਮਸ਼ੀਨਾਂ, ਆਪਣੀ ਏਬੀਜੀ ਮਸ਼ੀਨ ਅਤੇ ਐਕਸਰੇ ਦੀ ਸੁਵਿਧਾ ਉਪਲਬੱਧ ਹੈ। ਅੱਜ ਤੱਕ ਇਸ ਹਸਪਤਾਲ ਵਿਚ 500 ਤੋਂ ਵੱਧ ਨਵਜਾਤ ਬੱਚਿਆਂ ਦੀ ਜ਼ਿੰਦਗੀ ਸਫਲਤਾ ਪੂਰਵਕ ਬਚਾਈ ਗਈ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨਵਜੰਮੇ ਬੱਚੇ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੋਵੇ ਤਾਂ ਸੰਧੂ ਹਸਪਤਾਲ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਜਾਵੇ।