ਸੰਧੂ ਹਸਪਤਾਲ ਦੇ ਡਾਕਟਰਾਂ ਨੂੰ ਨੈਸ਼ਨਲ ਹੈਲਥ ਕੇਅਰ ਐਵਾਰਡ ਨਾਲ ਸਨਮਾਨਿਆ
ਸੰਧੂ ਹਸਪਤਾਲ ਫਿਰੋਜ਼ਪੁਰ ਨੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਅਹਿਮ ਭੂਮਿਕਾ ਨਿਭਾਈ: ਅਨੁਰਾਗ ਠਾਕੁਰ ਮੈਂਬਰ ਪਾਰਲੀਮੈਂਟ
Publish Date: Sun, 01 Mar 2026 04:35 PM (IST)
Updated Date: Sun, 01 Mar 2026 04:37 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਜਾਗਰਣ ਗਰੁੱਪ ਵੱਲੋਂ ਹੋਟਲ ਹਯਾਤ ਰਿਜੈਂਸੀ ਚੰਡੀਗੜ੍ਹ ਵਿਖੇ ਆਯੋਜਿਤ ਭਵਿਆ ਨੈਸ਼ਨਲ ਹੈਲਥ ਕੇਅਰ ਅਵਾਰਡ ਸਮਾਰੋਹ ਦੌਰਾਨ ਸੰਧੂ ਹਸਪਤਾਲ ਫਿਰੋਜ਼ਪੁਰ ਦੇ ਡਾਇਰੈਕਟਰ ਡਾ. ਆਰਐੱਸ ਸੰਧੂ ਅਤੇ ਪ੍ਰਸਿੱਧ ਬੱਚਿਆਂ ਦੇ ਮਾਹਿਰ ਡਾ. ਸੁਖਅਨਵਰ ਸਿੰਘ ਸੰਧੂ ਨੂੰ ਸਿਹਤ ਸੇਵਾਵਾਂ ਦੇ ਖੇਤਰ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਅਤੇ ਸਮਰਪਿਤ ਸੇਵਾਵਾਂ ਲਈ ਨੈਸ਼ਨਲ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੇ ਲੰਮੇ ਸਮੇਂ ਤੋਂ ਲੋਕਾਂ ਨੂੰ ਉੱਚ ਪੱਧਰੀ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਯੋਗਦਾਨ ਦੀ ਪ੍ਰਸੰਸਾ ਵਜੋਂ ਦਿੱਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਅਨੁਰਾਗ ਠਾਕੁਰ ਨੇ ਦੋਵਾਂ ਡਾਕਟਰਾਂ ਨੂੰ ਐਵਾਰਡ ਭੇਟ ਕਰਦਿਆਂ ਸੰਧੂ ਹਸਪਤਾਲ ਫਿਰੋਜ਼ਪੁਰ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਡਾ. ਸੰਧੂ ਅਤੇ ਉਨ੍ਹਾਂ ਦੀ ਟੀਮ ਲੰਮੇ ਸਮੇਂ ਤੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ ਅਤੇ ਇਲਾਕੇ ਦੇ ਲੋਕਾਂ ਨੂੰ ਆਧੁਨਿਕ ਅਤੇ ਗੁਣਵੱਤਾ ਭਰੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਰਪਿਤ ਡਾਕਟਰ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੁੰਦੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੀਆਂ ਹਨ। ਡਾ. ਆਰਐੱਸ ਸੰਧੂ ਨੇ ਇਸ ਮੌਕੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਲਈ ਹੀ ਨਹੀਂ, ਸਗੋਂ ਪੂਰੀ ਟੀਮ ਲਈ ਮਾਣ ਵਾਲੀ ਗੱਲ ਹੈ, ਜੋ ਹਰ ਰੋਜ਼ ਮਰੀਜ਼ਾਂ ਦੀ ਸੇਵਾ ਲਈ ਸਮਰਪਿਤ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੰਧੂ ਹਸਪਤਾਲ ਦਾ ਮਕਸਦ ਹਮੇਸ਼ਾ ਹੀ ਮਰੀਜ਼ਾਂ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਵਧੀਆ ਇਲਾਜ ਮੁਹੱਈਆ ਕਰਵਾਉਣਾ ਰਿਹਾ ਹੈ ਅਤੇ ਅੱਗੇ ਵੀ ਇਹ ਯਤਨ ਜਾਰੀ ਰਹਿਣਗੇ। ਡਾ. ਐਸ. ਐਸ. ਸੰਧੂ ਨੇ ਵੀ ਆਪਣੀ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਨੂੰ ਹੋਰ ਵਧੀਆ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ, ਖਾਸ ਕਰਕੇ ਬੱਚਿਆਂ ਦੀ ਸਿਹਤ ਸੰਭਾਲ ਦੇ ਖੇਤਰ ਵਿਚ। ਇਸ ਮੌਕੇ ਜਾਗਰਣ ਗਰੁੱਪ ਦੇ ਚੀਫ ਜਨਰਲ ਮੈਨੇਜਰ ਮਹਿੰਦਰ ਕੁਮਾਰ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ, ਜਾਗਰਣ ਗਰੁੱਪ ਚੰਡੀਗੜ੍ਹ ਦੇ ਆਰਐੱਮ ਵਰਿੰਦਰ ਸਿੰਘ ਅਤੇ ਮਾਰਕੀਟਿੰਗ ਮੈਨੇਜਰ ਮੈਡਮ ਸੁਮਨ ਸਮੇਤ ਕਈ ਪ੍ਰਮੁੱਖ ਹਸਤੀਆਂ ਮੌਜ਼ੂਦ ਸਨ। ਉਨ੍ਹਾਂ ਨੇ ਵੀ ਐਵਾਰਡ ਪ੍ਰਾਪਤ ਕਰਨ ਵਾਲੇ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਹਤ ਖੇਤਰ ਵਿਚ ਉਨ੍ਹਾਂ ਦੀ ਨਿਸ਼ਠਾ ਅਤੇ ਸੇਵਾਵਾਂ ਕਾਬਿਲ-ਏ-ਤਾਰੀਫ਼ ਹਨ। ਸਮਾਰੋਹ ਦੌਰਾਨ ਦੇਸ਼ ਭਰ ਤੋਂ ਆਏ ਪ੍ਰਸਿੱਧ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੂੰ ਵੀ ਉਨ੍ਹਾਂ ਦੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਸਿਹਤ ਖੇਤਰ ਵਿਚ ਬਿਹਤਰ ਸੇਵਾਵਾਂ ਦੇਣ ਵਾਲੇ ਮਾਹਿਰਾਂ ਦੀ ਹੌਸਲਾ ਅਫਜ਼ਾਈ ਕਰਨ ਅਤੇ ਸਮਾਜ ਵਿਚ ਸਿਹਤ ਪ੍ਰਤੀ ਜਾਗਰੂਕਤਾ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਇਆ।