ਸਾਹਿਤ ਸਭਾ ਜ਼ੀਰਾ ਵੱਲੋਂ ਦੁੱਖ ਦਾ ਪ੍ਰਗਟਾਵਾ
ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਅਕਾਲ ਚਲਾਣੇ ਤੇ ਸਾਹਿਤ ਸਭਾ ਜ਼ੀਰਾ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Sun, 15 Feb 2026 04:55 PM (IST)
Updated Date: Sun, 15 Feb 2026 04:57 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਸਾਹਿਤ ਸਭਾ ਜ਼ੀਰਾ ਦੀ ਇੱਕ ਅਹਿਮ ਮੀਟਿੰਗ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬੀ ਦੇ ਸਮਰੱਥ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਸਭਾ ਦੇ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਦਲਜੀਤ ਰਾਏ ਕਾਲੀਆ ਚਿੰਤਕ ਤੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਸਾਹਿਤਕਾਰ ਨਰਿੰਦਰ ਸਿੰਘ ਥਿੰਦ ਨੇ ਲਾਲ ਸਿੰਘ ਦੇ ਸਾਹਿਤਕ ਸਫਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਮਾਰਖੋਰੇ, ਬਲੌਰਾ, ਧੁੱਪ-ਛਾਂ ,ਕਾਲੀ ਮਿੱਟੀ, ਅੱਧੇ ਅਧੂਰੇ, ਸੰਸਾਰ ਆਦਿ ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਲਾਲ ਸਿੰਘ ਲੋਕ ਹਿਤੂ, ਮਨੁੱਖ ਹਿਤੈਸ਼ੀ, ਅਗਾਂਹਵਧੂ ਸੋਚ ਦਾ ਧਾਰਨੀ ਅਤੇ ਦੱਬੇ ਕੁਚਲੇ ਲੋਕਾਂ ਦਾ ਲੇਖਕ ਸੀ। ਉਨ੍ਹਾਂ ਦੱਸਿਆ ਕਿ ਲਾਲ ਸਿੰਘ ਨੇ ਛੇ ਦਹਾਕੇ ਪੰਜਾਬੀ ਸਾਹਿਤ ਸਿਰਜਣਾ ਦੇ ਲੇਖੇ ਲਾਏ। ਉਨ੍ਹਾਂ ਨੇ ਖਾਸ ਤੌਰ ਤੇ ਖੱਬੀ ਸੋਚ ਨੂੰ ਪਰਨਾਏ ਮੈਗਜ਼ੀਨ ਚਿਰਾਗ ਲਈ ਲਿਖਤਾਂ ਲਿਖੀਆਂ ਅਤੇ ਬਹੁਤ ਸਾਰੀਆਂ ਪੁਸਤਕਾਂ ਦੇ ਅਨੁਵਾਦ ਵੀ ਕੀਤੇ।ਸ਼ੋਕ ਮੀਟਿੰਗ ਵਿੱਚ ਸਾਹਿਤਕਾਰ ਜਰਨੈਲ ਸਿੰਘ ਭੁੱਲਰ, ਅਮਰਜੀਤ ਸਨ੍ਹੇਰਵੀ, ਸੁਖਰਾਜ ਸਿੰਘ ਜ਼ੀਰਾ, ਪ੍ਰਤਾਪ ਸਿੰਘ ਹੀਰਾ, ਹਰਚਰਨ ਚੋਹਲਾ, ਕਾਲਾ ਬੇਰੀ ਵਾਲਾ, ਦੀਪ ਜੀਰਵੀ, ਹਰੀਦਾਸ ਚੌਹਾਨ, ਹਰਪ੍ਰੀਤ ਸਿੰਘ ਰੱਬੀ, ਬਲਦੇਵ ਸਿੰਘ ਜ਼ੀਰਾ, ਮੇਜਰ ਸਿੰਘ ਸੰਧੂ, ਮੁਖਤਿਆਰ ਸਿੰਘ ਬਰਾੜ, ਬਲਜੀਤ ਬਾਦਸ਼ਾਹ ਅਤੇ ਦਲਜੀਤ ਸਿੰਘ ਨੂਰਪੁਰ ਹਾਜ਼ਰ ਸਨ।