Sad News : ਮਹਿਲਾ ਕਾਂਸਟੇਬਲ ਪਤਨੀ ਤੇ ਸਹੁਰੇ ਤੋਂ ਦੁਖੀ ਨੌਜਵਾਨ ਨੇ ਨਿਗਲੀ ਜ਼ਹਿਰੀਲੀ ਵਸਤੂ, ਇਲਾਜ ਦੌਰਾਨ ਮੌਤ
ਉਸ ਨੇ ਦੱਸਿਆ ਕਿ ਮਨਦੀਪ ਕੌਰ ਅਕਸਰ ਗਗਨਦੀਪ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਸੀ। ਬੀਤੀ 20 ਫਰਵਰੀ ਨੂੰ ਮਨਦੀਪ ਕੌਰ ਨੇ ਆਪਣੇ ਪਿਤਾ ਮਹਿਲ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੂੰ ਘਰ ਬੁਲਾ ਕੇ ਗਗਨਦੀਪ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਵਾਈ।
Publish Date: Sat, 28 Feb 2026 08:13 PM (IST)
Updated Date: Sat, 28 Feb 2026 08:16 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਮੀਰਾ ਸ਼ਾਹਨੂਰ ਵਿਖੇ ਇਕ 30 ਸਾਲਾ ਨੌਜਵਾਨ ਗਗਨਦੀਪ ਸਿੰਘ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਦੀ ਕਥਿਤ ਤੰਗ-ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।
ਮ੍ਰਿਤਕ ਦੇ ਪਿਤਾ ਦਰਬਾਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਗਗਨਦੀਪ ਸਿੰਘ ਦੀ ਪਤਨੀ ਮਨਦੀਪ ਕੌਰ ਜੋ ਕਿ ਪੰਜਾਬ ਪੁਲਿਸ ਵਿਚ ਮੁਲਾਜ਼ਮ ਹੈ, ਸਹੁਰੇ ਮਹਿਲ ਸਿੰਘ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਵਿਰੁੱਧ ਧਾਰਾ 108, 3(5) ਬੀਐੱਨਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਦਰਬਾਰਾ ਸਿੰਘ ਨੇ ਦੱਸਿਆ ਕਿ ਉਸ ਦੇ ਵੱਡੇ ਲੜਕੇ ਗਗਨਦੀਪ ਸਿੰਘ ਦਾ ਵਿਆਹ ਸਾਲ 2015 ਵਿਚ ਮਨਦੀਪ ਕੌਰ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਵੀ ਹਨ।
ਉਸ ਨੇ ਦੱਸਿਆ ਕਿ ਮਨਦੀਪ ਕੌਰ ਅਕਸਰ ਗਗਨਦੀਪ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਸੀ। ਬੀਤੀ 20 ਫਰਵਰੀ ਨੂੰ ਮਨਦੀਪ ਕੌਰ ਨੇ ਆਪਣੇ ਪਿਤਾ ਮਹਿਲ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਨੂੰ ਘਰ ਬੁਲਾ ਕੇ ਗਗਨਦੀਪ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਵਾਈ। ਦਰਬਾਰਾ ਸਿੰਘ ਨੇ ਦੱਸਿਆ ਕਿ ਇਸ ਕੁੱਟਮਾਰ ਦੀ ਸਾਰੀ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਕੁੱਟਮਾਰ ਅਤੇ ਲਗਾਤਾਰ ਮਿਲ ਰਹੀਆਂ ਧਮਕੀਆਂ ਕਾਰਨ ਗਗਨਦੀਪ ਕਾਫੀ ਸਦਮੇ ਵਿਚ ਰਹਿਣ ਲੱਗ ਪਿਆ ਸੀ। 22 ਫਰਵਰੀ ਦੀ ਸ਼ਾਮ ਨੂੰ ਜਦੋਂ ਪਤਨੀ ਨੇ ਫਿਰ ਝਗੜਾ ਕੀਤਾ ਅਤੇ ਆਪਣੇ ਪੇਕਿਆਂ ਨੂੰ ਬੁਲਾਉਣ ਦੀ ਧਮਕੀ ਦਿੱਤੀ, ਤਾਂ ਡਰ ਅਤੇ ਦੁੱਖ ਦੇ ਮਾਰੇ ਗਗਨਦੀਪ ਨੇ ਘਰ ਵਿਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਗਗਨਦੀਪ ਨੂੰ ਗੰਭੀਰ ਹਾਲਤ ਵਿਚ ਪਹਿਲਾਂ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਦੀ ਹਾਲਤ ਵਿਗੜਦੀ ਦੇਖ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ।
ਲਗਪਗ ਪੰਜ ਦਿਨਾਂ ਤੱਕ ਮੌਤ ਨਾਲ ਲੜਦਿਆਂ 27 ਫਰਵਰੀ ਨੂੰ ਦੁਪਹਿਰ ਵੇਲੇ ਗਗਨਦੀਪ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।