Sad News : ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਦੁਬਈ ਗਏ ਜ਼ੀਰਾ ਦੇ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
ਰਾਜਕਰਨ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਇਕ ਛੇ ਮਹੀਨੇ ਦੇ ਮਾਸੂਮ ਬੱਚੇ ਦਾ ਪਿਤਾ ਵੀ ਸੀ। ਉਸਦੀ ਅਚਾਨਕ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
Publish Date: Sat, 28 Mar 2026 06:58 PM (IST)
Updated Date: Sat, 28 Mar 2026 07:02 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਜ਼ੀਰਾ ਦੇ ਪਿੰਡ ਰਟੌਲ ਬੇਟ ਨਾਲ ਸਬੰਧਤ 23 ਸਾਲਾ ਨੌਜਵਾਨ ਰਾਜਕਰਨ ਸਿੰਘ ਸੰਧੂ ਦੀ ਦੁਬਈ ਦੇ ਆਬੂਧਾਬੀ ਵਿਖੇ ਕਰੰਟ ਲੱਗਣ ਕਾਰਨ ਹੋਈ ਅਚਾਨਕ ਮੌਤ ਦੀ ਦੁਖਦਾਇਕ ਖ਼ਬਰ ਨੇ ਸਾਰੇ ਇਲਾਕੇ ਨੂੰ ਡੂੰਘੇ ਸੋਗ ਵਿੱਚ ਡੁੱਬੋ ਦਿੱਤਾ ਹੈ।
ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਇਸ ਨੌਜਵਾਨ ਦੀ ਅਜਿਹੀ ਅਕਾਲ ਮੌਤ ਨੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਦਿਲਾਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਸਦਾ ਪੁੱਤਰ ਰਾਜਕਰਨ ਸਿੰਘ ਸੰਧੂ ਆਪਣੇ ਭਵਿੱਖ ਨੂੰ ਸੰਵਾਰਣ ਲਈ ਲਗਪਗ ਸੱਤ ਲੱਖ ਰੁਪਏ ਖਰਚ ਕਰਕੇ ਡੁਬਈ ਦੇ ਆਬੂਧਾਬੀ ਵਿਖੇ ਗਿਆ ਸੀ।
ਉਥੇ ਉਸਨੇ ਡਰਾਈਵਿੰਗ ਲਾਇਸੰਸ ਪ੍ਰਾਪਤ ਕਰਕੇ ਕਰੀਬ ਢਾਈ ਮਹੀਨੇ ਪਹਿਲਾਂ ਟਰਾਲਾ ਚਲਾਉਣ ਦਾ ਕੰਮ ਸ਼ੁਰੂ ਕੀਤਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਕੰਮ ਦੌਰਾਨ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ। ਰਾਜਕਰਨ ਸਿੰਘ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਇਕ ਛੇ ਮਹੀਨੇ ਦੇ ਮਾਸੂਮ ਬੱਚੇ ਦਾ ਪਿਤਾ ਵੀ ਸੀ। ਉਸਦੀ ਅਚਾਨਕ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਇਸ ਮੌਕੇ ਪੀੜਤ ਪਰਿਵਾਰ ਨੇ ਸਰਕਾਰ ਅਤੇ ਸਮਾਜਸੇਵੀ ਸੰਸਥਾਵਾਂ ਅੱਗੇ ਭਾਵੁਕ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਸ਼ਰੀਰ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਉਣ ਲਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਦੀਆਂ ਅੰਤਿਮ ਰਸਮਾਂ ਕਰ ਸਕਣ।
ਇਸ ਦੁਖਦਾਈ ਘਟਨਾ ’ਤੇ ਬਲਜੀਤ ਸਿੰਘ ਨੂਰਪੁਰ, ਬਲਜੀਤ ਸਿੰਘ ਮਸਤੇਵਾਲਾ, ਸਾਬਕਾ ਸਰਪੰਚ ਸਰਬਜੀਤ ਸਿੰਘ ਸੰਧੂ, ਸਤਨਾਮ ਸਿੰਘ, ਚਾਨਣ ਸਿੰਘ ਪ੍ਰਧਾਨ, ਸੁਖਦੇਵ ਸਿੰਘ ਸੰਧੂ, ਗੁਰਦੇਵ ਸਿੰਘ ਸੰਧੂ, ਕੇਹਰ ਸਿੰਘ ਸਾਬਕਾ ਸਰਪੰਚ ਤਲਵੰਡੀ ਜੱਲੇਖਾਂ, ਜਸਵੰਤ ਸਿੰਘ ਸਮੇਤ ਹੋਰ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਗਹਿਰਾ ਦੁੱਖ ਪ੍ਰਗਟ ਕੀਤਾ।