ਹਰ ਸਕੂਲ-ਕਾਲਜ ’ਚ 12 ਨੂੰ ਕਰਵਾਈ ਜਾਵੇਗੀ ‘ਰਨ ਫਾਰ ਸਵਦੇਸ਼ੀ’
12 ਜਨਵਰੀ ਨੂੰ ਹਰ ਸਕੂਲ-ਕਾਲਜ ਵਿਚ ਕਰਵਾਈ ਜਾਵੇਗੀ ‘ਰਨ ਫਾਰ ਸਵਦੇਸ਼ੀ’, ਸੁਆਮੀ ਵਿਵੇਕਾਨੰਦ ਨੂੰ ਕੀਤਾ ਜਾਵੇਗਾ ਯਾਦ
Publish Date: Tue, 06 Jan 2026 03:41 PM (IST)
Updated Date: Tue, 06 Jan 2026 03:44 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ:ਯੁਵਾ ਦਿਵਸ ਦੇ ਮੌਕੇ ’ਤੇ ਨੌਜਵਾਨਾਂ ਨੂੰ ਐਂਟਰਪ੍ਰਿਨਿਓਰ (ਉੱਦਮੀ) ਬਣਨ ਅਤੇ ਸਵਦੇਸ਼ੀ ਅਪਣਾਉਣ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਹਰ ਸਕੂਲ-ਕਾਲਜ ਵਿਚ ‘ਰਨ ਫਾਰ ਸਵਦੇਸ਼ੀ’ ਦਾ ਆਯੋਜਨ ਕੀਤਾ ਜਾਵੇਗਾ। ਸਵਦੇਸ਼ੀ ਜਾਗਰਣ ਮੰਚ ਦੇ ਤ੍ਰਿ-ਪ੍ਰਾਂਤ ਸੰਗਠਕ ਵਿਨੈ ਕੁਮਾਰ ਨੇ ਫਿਰੋਜ਼ਪੁਰ ਦੌਰੇ ਦੌਰਾਨ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚ 5 ਹਜ਼ਾਰ ਤੋਂ ਵੱਧ ਪ੍ਰੋਗਰਾਮ ਕਰਵਾਏ ਜਾਣਗੇ। ਜਿਸ ਵਿੱਚ ਹਰ ਸਰਕਾਰੀ ਅਤੇ ਨਿੱਜੀ ਸਕੂਲ ਵਿੱਚ ਸੁਆਮੀ ਵਿਵੇਕਾਨੰਦ ਦੇ ਜਨਮ ਦਿਨ ’ਤੇ ਸਕੂਲ ਮਾਲਕਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਯੁਵਾ ਦਿਵਸ ਦੇ ਮੌਕੇ ’ਤੇ ‘ਰਨ ਫਾਰ ਸਵਦੇਸ਼ੀ’ ਕਰਵਾਉਣ। ਇਸ ਦੌਰਾਨ ਵਿਦਿਆਰਥੀ ਦੌੜ ਕੇ ਜਿੱਥੇ ਸਰੀਰਕ ਤੌਰ ’ਤੇ ਮਜ਼ਬੂਤ ਬਣਨਗੇ, ਉੱਥੇ ਹੀ ਉਨ੍ਹਾਂ ਵਿੱਚ ਅਧਿਆਪਕਾਂ ਵੱਲੋਂ ਸਵਦੇਸ਼ੀ ਦੀ ਭਾਵਨਾ ਭਰੀ ਜਾਵੇ। ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਸੰਗਠਕ ਵਿਨੈ ਕੁਮਾਰ ਨੇ ਕਿਹਾ ਕਿ ਹਰ ਰਾਜ ਵਿੱਚ ’ਰਨ ਫਾਰ ਸਵਦੇਸ਼ੀ’ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਯੂਜੀਸੀ ਸਮੇਤ ਹੋਰ ਸਰਕਾਰੀ ਸੰਸਥਾਵਾਂ ਵੱਲੋਂ ਪੱਤਰ ਜਾਰੀ ਕਰਕੇ ’ਰਨ ਫਾਰ ਸਵਦੇਸ਼ੀ’ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਪ੍ਰਾਂਤ ਪੂਰਨਕਾਲਿਕ ਮਯੰਕ ਵਸ਼ਿਸ਼ਟ ਨੇ ਕਿਹਾ ਕਿ ਮੌਜ਼ੂਦਾ ਸਮੇਂ ਵਿਚ ਵਿਦਿਆਰਥੀਆਂ ਅਤੇ ਨੌਜਵਾਨ ਵਰਗ ਵਿਚ ਸਵਦੇਸ਼ੀ ਭਾਵਨਾ ਜਗਾਉਣ ਦੀ ਲੋੜ ਹੈ। ਇਸ ਲਈ ਹਰ ਸਕੂਲ-ਕਾਲਜ ਵਿੱਚ 12 ਜਨਵਰੀ ਤੋਂ 23 ਜਨਵਰੀ ਤੱਕ ਇਹ ਦੌੜ ਹੋਣਾ ਸਮੇਂ ਦੀ ਵੱਡੀ ਮੰਗ ਹੈ। ਉਨ੍ਹਾਂ ਕਿਹਾ ਕਿ ’ਰਨ ਫਾਰ ਸਵਦੇਸ਼ੀ’ ਕਰਵਾਉਣ ਵਾਲੇ ਸਕੂਲਾਂ ਅਤੇ ਕਾਲਜਾਂ ਨੂੰ ਮਾਈ ਐੱਸਬੀਏ ਦੀ ਵੈੱਬਸਾਈਟ ’ਤੇ ਰਜਿਸਟਰੇਸ਼ਨ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਹਿੱਸਾ ਲੈਣ ਵਾਲੇ ਹਰ ਨੌਜਵਾਨ ਨੂੰ ਸਰਟੀਫਿਕੇਟ ਜਾਰੀ ਕੀਤਾ ਜਾ ਸਕੇ। ਸਿੱਖਿਆ ਸ਼ਾਸਤਰੀ ਆਮਨਾ ਗੁਪਤਾ ਨੇ ਕਿਹਾ ਕਿ ਸੁਆਮੀ ਵਿਵੇਕਾਨੰਦ ਸਾਰਿਆਂ ਦੇ ਆਦਰਸ਼ ਸਨ ਅਤੇ ਉਨ੍ਹਾਂ ਨੇ ਸ਼ਿਕਾਗੋ ਜਾ ਕੇ ਭਾਰਤ ਦੀ ਪ੍ਰਤਿਭਾ ਦਾ ਪ੍ਰਚਾਰ ਕੀਤਾ ਸੀ। ਉਨ੍ਹਾਂ ਕਿਹਾ ਕਿ ਹਰ ਸਕੂਲ ਅਤੇ ਕਾਲਜ ਸਮੇਤ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ’ਰਨ ਫਾਰ ਸਵਦੇਸ਼ੀ’ ਦਾ ਆਯੋਜਨ ਕਰਨਾ ਚਾਹੀਦਾ ਹੈ।