ਜ਼ਮੀਨ ਵੇਚ ਕੇ ਪੋਲਟਰੀ ਫਾਰਮ ’ਚ ਲਗਾਏ 62 ਲੱਖ ਰੁਪਏ ਬਣੇ ਮੌਤ ਦਾ ਕਾਰਨ..!
ਜ਼ਮੀਨ ਵੇਚ ਕੇ ਪੋਲਟਰੀ ਫਾਰਮ ’ਚ ਇਨਵੈਸਟ ਕੀਤੇ 62 ਲੱਖ ਰੁਪਏ ਬਣੇ ਮੌਤ ਦਾ ਕਾਰਣ !
Publish Date: Fri, 05 Jun 2026 06:40 PM (IST)
Updated Date: Fri, 05 Jun 2026 06:41 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਮੱਖੂ : ਮੇਖੂ ਦੇ ਪਿੰਡ ਲਹਿਰਾ ਬੇਟ ਵਾਸੀ ਜਸਵਿੰਦਰ ਸਿੰਘ ਉਰਫ਼ ਸੋਨਾ ਖੁਦਕੁਸ਼ੀ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ, ਜਦਕਿ ਇੱਕ ਦੀ ਭਾਲ ਜਾਰੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਮਖੂ ਦੇ ਐਸਐਚੳ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਬਲਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰ ਪ੍ਰਦੇਸ਼ ਵਿੱਚ ਪਰਿਵਾਰਕ ਜ਼ਮੀਨ ਵੇਚਣ ਤੋਂ ਕਰੀਬ 50 ਲੱਖ ਰੁਪਏ ਮਿਲੇ ਸਨ। ਇਹ ਰਕਮ ਉਸ ਨੇ ਕੁਝ ਸਾਥੀਆਂ ਨਾਲ ਮਿਲ ਕੇ ਪਿੰਡ ਕੁਤਬਪੁਰਾ ਵਿੱਚ ਪੋਲਟਰੀ ਫਾਰਮ ਸਥਾਪਤ ਕਰਨ ਲਈ ਨਿਵੇਸ਼ ਕੀਤੀ ਸੀ। ਸ਼ਿਕਾਇਤ ਮੁਤਾਬਕ ਜਸਵਿੰਦਰ ਸਿੰਘ ਨੇ ਆਪਣੇ 50 ਲੱਖ ਰੁਪਏ ਤੋਂ ਇਲਾਵਾ ਕਰੀਬ 12 ਲੱਖ ਰੁਪਏ ਹੋਰ ਲੋਕਾਂ ਤੋਂ ਉਧਾਰ ਲੈ ਕੇ ਕੁੱਲ 62 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ। ਦੋਸ਼ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਪੋਲਟਰੀ ਫਾਰਮ ਲਈ ਲੋਨ ਪਾਸ ਕਰਵਾਉਣ ਅਤੇ ਨਿਵੇਸ਼ ਦੀ ਰਕਮ ਸੁਰੱਖਿਅਤ ਰੱਖਣ ਦਾ ਭਰੋਸਾ ਦਿੱਤਾ ਸੀ, ਉਨ੍ਹਾਂ ਨੇ ਨਾ ਤਾਂ ਲੋਨ ਦੀ ਰਕਮ ਮੁਹੱਈਆ ਕਰਵਾਈ ਅਤੇ ਨਾ ਹੀ ਜਸਵਿੰਦਰ ਸਿੰਘ ਦੀ ਲਗਾਈ ਹੋਈ ਰਕਮ ਵਾਪਸ ਕੀਤੀ। ਪਰਿਵਾਰ ਦੇ ਮੁਤਾਬਕ ਪੈਸੇ ਵਾਪਸ ਨਾ ਮਿਲਣ ਕਾਰਨ ਜਸਵਿੰਦਰ ਸਿੰਘ ਕਰਜ਼ੇ ਦੇ ਬੋਝ ਹੇਠ ਦਬਦਾ ਗਿਆ। ਉਧਾਰ ਦੇਣ ਵਾਲੇ ਲੋਕ ਘਰ ਆ ਕੇ ਲਗਾਤਾਰ ਪੈਸਿਆਂ ਦੀ ਮੰਗ ਕਰਦੇ ਸਨ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ,ਜਦਕਿ ਉਸ ਨਾਲ ਠੱਗੀ ਮਾਰਣ ਵਾਲੇ ਕੋਈ ਹੱਥ ਪੱਲਾ ਨਹੀਂ ਫੜਾ ਰਹੇ ਸਨ। ਆਖ਼ਰਕਾਰ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਸੂਤਰਾਂ ਮੁਤਾਬਿਕ ਜਸਵਿੰਦਰ ਸਿੰਘ ਵੱਲੋਂ ਛੱਡੇ ਗਏ ਖੁਦਕੁਸ਼ੀ ਨੋਟ ਵਿੱਚ ਚਾਰ ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪੁਲਿਸ ਨੇ ਸ਼ਿਕਾਇਤ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਡਾ. ਰਣਜੀਤ ਕੁਮਾਰ, ਅਨਮੋਲ, ਬਾਬਾ ਹਰਦੀਪ ਸਿੰਘ ਅਤੇ ਪਰਮ ਖੁਰਾਣਾ ਨਾਂਅ ਦੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਵਿੱਚੋਂ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।