ਆਰਪੀਐੱਫ ਨੇ ਚਲਾਏ ‘ਆਪ੍ਰੇਸ਼ਨ ਅਮਾਨਤ’ ਤੇ ‘ਨੰਨ੍ਹੇ ਫਰਿਸ਼ਤੇ’ ਵਰਗੇ ਅਭਿਆਨ
ਆਰਪੀਐੱਫ ਨੇ ਚਲਾਏ ‘ਆਪ੍ਰੇਸ਼ਨ ਅਮਾਨਤ’ ਅਤੇ ‘ਨੰਨ੍ਹੇ ਫਰਿਸ਼ਤੇ’ ਵਰਗੇ ਅਭਿਆਨ
Publish Date: Sat, 07 Mar 2026 03:37 PM (IST)
Updated Date: Sat, 07 Mar 2026 03:39 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਦੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਇਸ ਵਿੱਤੀ ਸਾਲ ਦੇ ਅਪ੍ਰੈਲ ਤੋਂ ਫਰਵਰੀ 2026 ਦੌਰਾਨ ਯਾਤਰੀਆਂ ਦਾ ਗੁਆਚਿਆ ਲਗਭਗ 60 ਲੱਖ ਰੁਪਏ ਦਾ ਸਾਮਾਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰਵਾਇਆ। ਇਸ ਦੇ ਨਾਲ ਹੀ ਟਰੇਨਾਂ ਵਿਚ ਚੋਰੀ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ। ਆਰਪੀਐੱਫ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਸੰਵੇਦਨਸ਼ੀਲ ਸਹੂਲਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਈ ਆਪ੍ਰੇਸ਼ਨ ਚਲਾਏ ਗਏ। ਇਨ੍ਹਾਂ ਆਪ੍ਰੇਸ਼ਨਾਂ ਤਹਿਤ ਆਰਪੀਐੱਫ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਜਿਵੇਂ ਕਿ ਆਰਪੀਐੱਫ ਵੱਲੋਂ ‘ਆਪ੍ਰੇਸ਼ਨ ਅਮਾਨਤ’ ਤਹਿਤ 392 ਮਾਮਲਿਆਂ ਵਿਚ ਗੁਆਚਿਆ ਹੋਇਆ ਸਾਮਾਨ ਲੱਭ ਕੇ ਯਾਤਰੀਆਂ ਨੂੰ ਵਾਪਸ ਕੀਤਾ ਗਿਆ। ਇਸ ਦੀ ਕੁੱਲ ਕੀਮਤ 60,23,405 ਰਹੀ, ਜਿਸ ਵਿਚ ਲੈਪਟਾਪ, ਮੋਬਾਈਲ, ਬੈਗ, ਪਰਸ ਅਤੇ ਹੋਰ ਕੀਮਤੀ ਸਾਮਾਨ ਸ਼ਾਮਲ ਹੈ। ਆਰਪੀਐੱਫ ਨੇ ਲਾਪਤਾ, ਘਰੋਂ ਭੱਜੇ ਹੋਏ ਜਾਂ ਅਗਵਾ ਕੀਤੇ ਗਏ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ ‘ਆਪ੍ਰੇਸ਼ਨ ਨੰਨ੍ਹੇ ਫਰਿਸ਼ਤੇ’ ਚਲਾਇਆ। ਇਸ ਮੁਹਿੰਮ ਤਹਿਤ 157 ਬੱਚਿਆਂ (119 ਲੜਕੇ ਅਤੇ 38 ਲੜਕੀਆਂ) ਨੂੰ ਸੁਰੱਖਿਅਤ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਰੇਲ ਯਾਤਰੀਆਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਆਰਪੀਐੱਫ ਨੇ 285 ਡਰਾਈਵਾਂ ਚਲਾਈਆਂ। ਇਨ੍ਹਾਂ ਰਾਹੀਂ ਯਾਤਰੀਆਂ ਨੂੰ ਸੁਰੱਖਿਅਤ ਯਾਤਰਾ ਕਰਨ, ਰੇਲ ਗੱਡੀਆਂ ਜਾਂ ਸਟੇਸ਼ਨ ਕੰਪਲੈਕਸ ਵਿਚ ਕੋਈ ਲਾਵਾਰਿਸ ਵਸਤੂ ਜਾਂ ਅਪਰਾਧਿਕ ਗਤੀਵਿਧੀ ਦਿਖਣ ’ਤੇ ਰੇਲਵੇ ਨੂੰ ਸੂਚਿਤ ਕਰਨ, ਬਿਨ੍ਹਾ ਕਿਸੇ ਕਾਰਨ ਟਰੇਨ ਦੀ ਚੇਨ ਨਾ ਖਿੱਚਣ ਅਤੇ ਨਸ਼ਾਖੋਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ। ਮੁਹਿੰਮ ਦੌਰਾਨ ਕਰੀਬ 635 ਯਾਤਰੀਆਂ ਨੂੰ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤਹਿਤ 754 ਅਣਅਧਿਕਾਰਤ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਸ ਅਭਿਆਨ ਤਹਿਤ ਆਰਪੀਐੱਫ ਨੇ ਰੇਲਵੇ ਸਟੇਸ਼ਨਾਂ ’ਤੇ ਅਣਅਧਿਕਾਰਤ ਫੇਰੀਵਾਲਿਆਂ ਅਤੇ ਵਿਕਰੇਤਾਵਾਂ ਵਿਰੁੱਧ 1423 ਮਾਮਲਿਆਂ ਵਿਚ ਕਾਰਵਾਈ ਕੀਤੀ ਅਤੇ ਉਨ੍ਹਾਂ ਤੋਂ 1,71,200 ਦਾ ਜੁਰਮਾਨਾ ਵਸੂਲਿਆ।