ਰੋਪੜ ਨਹਿਰ ਪੁਲ ਬਣਿਆ ਖਤਰੇ ਦਾ ਕੇਂਦਰ, ਅਧੂਰੀ ਸੜਕ ’ਤੇ ਵਧਿਆ ਰੋਸ
ਰੋਪੜ ਨਹਿਰ ਪੁਲ ਬਣਿਆ ਖਤਰੇ ਦਾ ਕੇਂਦਰ, ਅਧੂਰੀ ਸੜਕ ’ਤੇ ਵਧਿਆ ਰੋਸ
Publish Date: Tue, 10 Feb 2026 06:33 PM (IST)
Updated Date: Tue, 10 Feb 2026 06:35 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਮੱਲਾਂਵਾਲਾ–ਫਿਰੋਜ਼ਪੁਰ ਹਾਈਵੇ ਦਾ ਨਿਰਮਾਣ ਕੰਮ ਲੰਮੇ ਸਮੇਂ ਤੋਂ ਅਧੂਰਾ ਪਿਆ ਹੋਣ ਕਾਰਨ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਠੇਕੇਦਾਰ ਵੱਲੋਂ ਕਈ ਵਾਰ ਕੰਮ ਜਲਦੀ ਪੂਰਾ ਕਰਨ ਦੇ ਵਾਅਦੇ ਕੀਤੇ ਗਏ ਪਰ ਅਜੇ ਤੱਕ ਸੜਕ ਨਿਰਮਾਣ ਪੂਰਾ ਨਹੀਂ ਹੋ ਸਕਿਆ। ਇਸ ਦੇ ਵਿਰੋਧ ਵਿਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਰੋਪੜ ਨਹਿਰ ਦੇ ਪੁਲ ’ਤੇ ਧਰਨਾ ਲਗਾਇਆ ਗਿਆ। ਧਰਨੇ ’ਤੇ ਬੈਠੇ ਲੋਕਾਂ ਨੇ ਦੱਸਿਆ ਕਿ ਸੜਕ ਦੀ ਖਰਾਬ ਹਾਲਤ ਕਾਰਨ ਹਰ ਰੋਜ਼ ਹਾਦਸੇ ਹੋ ਰਹੇ ਹਨ। ਪਿਛਲੇ ਇੱਕ ਹਫ਼ਤੇ ਦੌਰਾਨ ਘੱਟੋ-ਘੱਟ ਚਾਰ ਵੱਡੇ ਹਾਦਸੇ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਤਿੰਨ ਕਾਰਾਂ ਪਲਟ ਗਈਆਂ। ਲੋਕਾਂ ਦਾ ਦੋਸ਼ ਹੈ ਕਿ ਸੜਕ ‘ਤੇ ਲਗਾਤਾਰ ਉੱਡ ਰਹੀ ਧੂੜ-ਮਿੱਟੀ ਕਾਰਨ ਵਾਹਨ ਚਾਲਕਾਂ ਨੂੰ ਅੱਗੇ ਦਾ ਰਸਤਾ ਨਹੀਂ ਦਿਖਦਾ ਅਤੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਧਰਨਾਕਾਰੀਆਂ ਨੇ ਦੱਸਿਆ ਕਿ ਰੋਪੜ ਨਹਿਰ ’ਤੇ ਬਣਾਇਆ ਗਿਆ ਨਵਾਂ ਪੁਲ ਸਿਰਫ਼ ਦੋ ਦਿਨ ਹੀ ਠੀਕ ਤਰ੍ਹਾਂ ਚੱਲਿਆ। ਇਸ ਤੋਂ ਬਾਅਦ ਪੁਲ ਟੁੱਟ ਜਾਣ ਕਾਰਨ ਹੇਠਾਂ ਲੋਹੇ ਦੀ ਸਟਰਿੰਗ ਲਗਾ ਕੇ ਅਸਥਾਈ ਤੌਰ ’ਤੇ ਰਸਤਾ ਖੋਲ੍ਹਿਆ ਗਿਆ ਹੈ। ਪੁਲ ਪੂਰੀ ਤਰ੍ਹਾਂ ਚਾਲੂ ਨਾ ਹੋਣ ਕਾਰਨ ਸੈਂਕੜੇ ਵਾਹਨ ਨਹਿਰ ਵਾਲੇ ਰਸਤੇ ਤੋਂ ਲੰਘਣ ਲਈ ਮਜਬੂਰ ਹਨ, ਜਿਸ ਨਾਲ ਵੱਡੇ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਰੋਪੜ ਨਹਿਰ ਤੋਂ ਲੈ ਕੇ ਸੋਡੇ ਵਾਲੇ ਤੱਕ ਸੜਕ ਬਹੁਤ ਖਰਾਬ ਹਾਲਤ ਵਿੱਚ ਹੈ। ਖੱਡਿਆਂ ਅਤੇ ਟੁੱਟੀ ਸੜਕ ਕਾਰਨ ਵਾਹਨ ਖਰਾਬ ਹੋ ਰਹੇ ਹਨ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸੁਰਜੀਤ ਸਿੰਘ ਨੇ ਕਿਹਾ ਕਿ ਇਹ ਸੜਕ ਕਾਫ਼ੀ ਸਮੇਂ ਤੋਂ ਅਧੂਰੀ ਪਈ ਹੈ ਅਤੇ ਹਰ ਰੋਜ਼ ਹਾਦਸੇ ਹੋ ਰਹੇ ਹਨ। ਜੇ ਜਲਦੀ ਨਿਰਮਾਣ ਕੰਮ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਜ਼ੋਨ ਫਿਰੋਜ਼ਪੁਰ ਦੇ ਆਗੂ ਅਵਤਾਰ ਸਿੰਘ ਜਨਰਲ ਸਕੱਤਰ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਠੇਕੇਦਾਰ ਵਾਰ-ਵਾਰ ਭਰੋਸਾ ਦਿੰਦੇ ਹਨ ਪਰ ਜ਼ਮੀਨੀ ਪੱਧਰ ‘ਤੇ ਕੋਈ ਕੰਮ ਨਹੀਂ ਹੋ ਰਿਹਾ। ਸੜਕ ਦੀ ਹਾਲਤ ਲੋਕਾਂ ਦੀ ਜ਼ਿੰਦਗੀ ਲਈ ਖਤਰਾ ਬਣ ਚੁੱਕੀ ਹੈ। ਸਮਾਜ ਸੇਵੀ ਤਰੁਣਜੀਤ ਸੰਧੂ ਨੇ ਕਿਹਾ ਕਿ ਇਹ ਸੜਕ ਇਲਾਕੇ ਦੀ ਲਾਈਫ ਲਾਈਨ ਹੈ ਪਰ ਅੱਜ ਲੋਕ ਡਰ ਦੇ ਸਾਏ ਹੇਠ ਸਫ਼ਰ ਕਰਨ ਲਈ ਮਜਬੂਰ ਹਨ। ਧੂੜ, ਖੱਡੇ ਅਤੇ ਅਧੂਰਾ ਨਿਰਮਾਣ ਹਰ ਰੋਜ਼ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਸੜਕ ਅਤੇ ਪੁਲ ਦਾ ਨਿਰਮਾਣ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਆੰਦੋਲਨ ਹੋਰ ਤੇਜ਼ ਕੀਤਾ ਜਾਵੇਗਾ।