ਰੌਬਨਦੀਪ ਕੌਰ ਬਣੀ ਸੀਐੱਚਸੀ ਫਿਰੋਜਸ਼ਾਹ ਦੀ ਪਹਿਲੀ ਐੱਚਪੀਵੀ ਲਾਭਪਾਤਰੀ
ਰੌਬਨਦੀਪ ਕੌਰ ਬਣੀ ਸੀਐੱਚਸੀ ਫਿਰੋਜਸ਼ਾਹ ਦੀ ਪਹਿਲੀ ਐੱਚਪੀਵੀ ਲਾਭਪਾਤਰੀ
Publish Date: Thu, 05 Mar 2026 03:48 PM (IST)
Updated Date: Fri, 06 Mar 2026 04:00 AM (IST)

ਸੀਐੱਚਸੀ ਫਿਰੋਜਸ਼ਾਹ ਤੋਂ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਲੜਕੀਆਂ ਦਾ ਵੱਖ-ਵੱਖ ਤਰ੍ਹਾਂ ਦੇ ਕੈਂਸਰ ਤੋਂ ਬਚਾਅ ਕਰਨ ਵਾਲੀ ਐੱਚਪੀਵੀ ਵੈਕਸੀਨ ਦੀ ਸ਼ੁਰੂਆਤ ਸੀਐੱਚਸੀ ਫਿਰੋਜਸ਼ਾਹ ਤੋਂ ਹੋ ਗਈ ਹੈ। ਪਿੰਡ ਫਿਰੋਜਸ਼ਾਹ ਦੀ ਰੌਬਨਦੀਪ ਕੌਰ ਵਲੋਂ ਪਹਿਲੀ ਡੋਜ਼ ਲਵਾ ਕੇ ਆਪਣੇ ਆਪ ਦਾ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਤੋਂ ਬਚਾਅ ਕਰ ਲਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸਰਕਾਰੀ ਹਸਪਤਾਲ ਵਿਚ ਇਹ ਟੀਕਾ ਉਪਲਬੱਧ ਕਰਵਾਇਆ ਗਿਆ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ, ਡਾ. ਅਭੈਜੀਤ ਸਿੰਘ ਅਤੇ ਡਾ. ਪ੍ਰਵੀਨ ਕੌਰ ਦੁਆਰਾ ਛੋਟੀਆਂ ਕੁੜੀਆਂ ਨੂੰ ਟੀਕਾਕਰਨ ਕਰਕੇ ਕੀਤੀ ਗਈ। ਇਹ ਟੀਕਾਕਰਨ ਮੁਹਿੰਮ ਤਿੰਨ ਮਹੀਨਿਆਂ ਦੀ ਮਿਆਦ ਲਈ ਚਲਾਈ ਜਾਵੇਗੀ। ਇਹ ਸਿਰਫ਼ ਉਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਹੀ ਚਲਾਈ ਜਾਵੇਗੀ ਜਿਨ੍ਹਾਂ ਕੋਲ ਕੋਲਡ ਚੇਨ ਪੁਆਇੰਟ, ਇੰਟਰਨੈੱਟ ਪਹੁੰਚ ਅਤੇ ਸਿਖਲਾਈ ਪ੍ਰਾਪਤ ਸਟਾਫ ਹੈ। ਟੀਕਾਕਰਨ ਤੋਂ ਬਾਅਦ ਹਰੇਕ ਲਾਭਪਾਤਰੀ ਨੂੰ 30 ਮਿੰਟਾਂ ਲਈ ਡਾਕਟਰੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਡਾ. ਅਭੈਜੀਤ ਸਿੰਘ ਨੇ ਦੱਸਿਆ ਕਿ ਇਸ ਟੀਕੇ ਦੀ ਰਸਮੀ ਤੌਰ ’ਤੇ ਪਹਿਲੇ ਦਿਨ ਸੀਐੱਚਸੀ ਫਿਰੋਜ਼ਸ਼ਾਹ ਤੋਂ ਸ਼ੁਰੂਆਤ ਕੀਤੀ ਗਈ ਹੈ। ਪਹਿਲਾਂ ਇਹ ਟੀਕਾ ਸਿਰਫ਼ ਨਿੱਜੀ ਹਸਪਤਾਲਾਂ ਵਿਚ ਉਪਲੱਬਧ ਸੀ, ਜਿੱਥੇ ਇਹ ਬਹੁਤ ਜ਼ਿਆਦਾ ਕੀਮਤ ਤੇ ਲਗਾਇਆ ਜਾਂਦਾ ਸੀ। ਹੁਣ ਸਰਕਾਰੀ ਪੱਧਰ ਉੱਤੇ ਇਸ ਦੀ ਸ਼ੁਰੂਆਤ ਆਮ ਲੋਕਾਂ ਖਾਸ ਕਰਕੇ ਮੱਧ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗੀ। ਡਾ. ਪ੍ਰਵੀਨ ਕੌਰ ਨੇ ਦੱਸਿਆ ਕਿ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਇਕ ਆਮ ਪਰ ਗੰਭੀਰ ਲਾਗ ਹੈ ਜੋ ਮੁੱਖ ਤੌਰ ਉੱਤੇ ਚਮੜੀ ਤੋਂ ਚਮੜੀ ਦੇ ਸੰਪਰਕ ਰਾਹੀਂ ਫੈਲਦੀ ਹੈ। ਕੁਝ ਉੱਚ ਜੋਖਮ ਵਾਲੀਆਂ ਕਿਸਮਾਂ ਸਰਵਾਈਕਲ ਕੈਂਸਰ, ਗਲੇ ਦਾ ਕੈਂਸਰ, ਗੁਦਾ ਕੈਂਸਰ ਅਤੇ ਹੋਰ ਕੈਂਸਰਾਂ ਦਾ ਕਾਰਨ ਬਣ ਸਕਦੀਆਂ ਹਨ, ਜੇਕਰ ਉਹ ਲੰਬੇ ਸਮੇਂ ਤੱਕ ਸਰੀਰ ਵਿਚ ਬਣੇ ਰਹਿੰਦੇ ਹਨ। ਡਾ. ਪ੍ਰਵੀਨ ਨੇ ਸਪੱਸ਼ਟ ਕੀਤਾ ਕਿ (ਐੱਚਪੀਵੀ) ਟੀਕਾ ਸਿਰਫ਼ ਕੁੜੀਆਂ ਲਈ ਹੀ ਨਹੀਂ ਸਗੋਂ ਮੁੰਡਿਆਂ ਲਈ ਵੀ ਜ਼ਰੂਰੀ ਹੈ, ਕਿਉਂਕਿ ਇਹ ਵਾਇਰਸ ਗਲੇ, ਗੁਦਾ ਅਤੇ ਹੋਰ ਅੰਗਾਂ ਦੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਹਰਦੀਪ ਸਿੰਘ ਬੀਈਈ ਨੇ ਕਿਹਾ ਕਿ (ਐੱਚਪੀਵੀ) ਟੀਕੇ, ਜੋ ਕਿ (ਐੱਚਪੀਵੀ) ਲਾਗ ਨੂੰ ਰੋਕਣ ਲਈ ਵਰਤੇ ਜਾਂਦੇ ਹਨ ਦੀ ਵਿਸ਼ਵ ਪੱਧਰ ਉੱਤੇ ਵਿਆਪਕ ਖੋਜ ਕੀਤੀ ਗਈ ਹੈ ਅਤੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਸਿਹਤ ਮਾਹਿਰਾਂ ਦੇ ਅਨੁਸਾਰ ਦੁਨੀਆਂ ਭਰ ਵਿਚ (ਐੱਚਪੀਵੀ) ਟੀਕੇ ਦੀਆਂ 50 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ। ਕਲੀਨਿਕਲ ਅਧਿਐਨਾਂ ਨੇ ਦਿਖਾਇਆ ਹੈ ਕਿ (ਐੱਚਪੀਵੀ) ਟੀਕਾਕਰਨ ਸਰਵਾਈਕਲ ਕੈਂਸਰ ਨੂੰ ਰੋਕਣ ਵਿਚ ਬਹੁਤ ਪ੍ਰਭਾਵਸ਼ਾਲੀ ਹੈ। ਇਸ ਮੌਕੇ ਰਮਿੰਦਰ ਕੌਰ ਐੱਲਐੱਚਵੀ, ਨੇਹਾ ਮਲਹੋਤਰਾ ਸੀਐੱਚਓ, ਸੰਦੀਪ ਕੌਰ ਏਐੱਨਐੱਮ, ਕੁਲਵਿੰਦਰ ਕੌਰ ਆਸ਼ਾ, ਕਰਮਜੀਤ ਕੌਰ ਆਸ਼ਾ ਆਦਿ ਹਾਜ਼ਰ ਸਨ।