ਕਾਰ ਪਲਟੀ, ਵਾਲ-ਵਾਲ ਬਚੇ ਸਵਾਰ
ਸੜਕ ਨਿਰਮਾਣ ਦੀ ਲਾਪਰਵਾਹੀ ਪੈ ਰਹੀ ਭਾਰੀ
Publish Date: Tue, 10 Feb 2026 03:37 PM (IST)
Updated Date: Tue, 10 Feb 2026 03:38 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਮੱਲਾਂਵਾਲਾ–ਫਿਰੋਜ਼ਪੁਰ ਰੋਡ ਹੁਣ ਹਾਦਸਿਆਂ ਦਾ ਕੇਂਦਰ ਬਣਦੀ ਜਾ ਰਹੀ ਹੈ। ਸੜਕ ਦਾ ਨਿਰਮਾਣ ਕੰਮ ਅਧੂਰਾ ਹੋਣਾ, ਸੜਕ ਦੀ ਖਰਾਬ ਹਾਲਤ ਅਤੇ ਕਿਤੇ ਕਿਤੇ ਬਣੇ ਉੱਚੇ ਦੰਦੇ ਵਾਹਨ ਚਾਲਕਾਂ ਲਈ ਵੱਡਾ ਖਤਰਾ ਬਣ ਰਹੇ ਹਨ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹਾਦਸੇ ਹੋ ਰਹੇ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਮਹਾਲਮ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਪਾਠੀ ਆਪਣੀ ਨਵੀਂ ਕਾਰ ਵਿੱਚ ਮਹਾਲਮ ਤੋਂ ਫਿਰੋਜ਼ਪੁਰ ਵੱਲ ਜਾ ਰਹੇ ਸਨ। ਅਟਾਰੀ ਤੋਂ ਅੱਗੇ ਰੋਪੜ ਨਹਿਰ ਕੋਲ, ਜਿੱਥੇ ਸੜਕ ਦਾ ਕੰਮ ਚੱਲ ਰਿਹਾ ਹੈ, ਉੱਥੇ ਸੜਕ ‘ਤੇ ਬਣੇ ਦੰਦੇ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ। ਕਾਰ ਸੜਕ ਤੋਂ ਹੇਠਾਂ ਉਤਰ ਕੇ ਖੇਤਾਂ ਵਿੱਚ ਜਾ ਪਲਟੀ। ਚੰਗੀ ਗੱਲ ਇਹ ਰਹੀ ਕਿ ਕਾਰ ਸਵਾਰ ਸੁਰੱਖਿਅਤ ਬਚ ਗਏ, ਪਰ ਨਵੀਂ ਕਾਰ ਦਾ ਕਾਫੀ ਨੁਕਸਾਨ ਹੋ ਗਿਆ। ਇਸ ਤੋਂ ਇਕ ਦਿਨ ਪਹਿਲਾਂ ਪਿੰਡ ਆਰਿਫ ਕੋਲ ਗੱਤਿਆਂ ਨਾਲ ਭਰਿਆ ਟਰਾਲਾ, ਜੋ ਜਲਾਲਾਬਾਦ ਤੋਂ ਅੰਮ੍ਰਿਤਸਰ ਵੱਲ ਜਾ ਰਿਹਾ ਸੀ, ਸੜਕ ਦੀ ਖਰਾਬ ਹਾਲਤ ਕਾਰਨ ਪਲਟ ਗਿਆ। ਹਾਲਾਂਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਥਾਨਕ ਵਸਨੀਕ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੱਲਾਂਵਾਲਾ–ਫਿਰੋਜ਼ਪੁਰ ਰੋਡ ‘ਤੇ ਲਗਭਗ ਹਰ ਰੋਜ਼ ਹਾਦਸੇ ਹੋ ਰਹੇ ਹਨ, ਪਰ ਪ੍ਰਸ਼ਾਸਨ ਵੱਲੋਂ ਪੱਕੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜਾ ਰਹੇ। ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਸੜਕ ਦਾ ਕੰਮ ਪੂਰਾ ਕੀਤਾ ਜਾਵੇ, ਚੇਤਾਵਨੀ ਬੋਰਡ ਲਗਾਏ ਜਾਣ ਅਤੇ ਰਾਤ ਦੇ ਸਮੇਂ ਲਾਈਟ ਦਾ ਪ੍ਰਬੰਧ ਕੀਤਾ ਜਾਵੇ, ਤਾਂ ਜੋ ਅਗਲੇ ਸਮੇਂ ਵਿੱਚ ਵੱਡੇ ਹਾਦਸਿਆਂ ਤੋਂ ਬਚਿਆ ਜਾ ਸਕੇ।