ਪ੍ਰਸਿੱਧ ਪੰਜਾਬੀ ਕਵੀ ਨਵਰਾਹੀ ਘੁਗਿਆਣਵੀ ਦਾ ਦੇਹਾਂਤ
ਪ੍ਰਸਿੱਧ ਪੰਜਾਬੀ ਕਵੀ ਨਵਰਾਹੀ ਘੁਗਿਆਣਵੀ ਦਾ ਦੇਹਾਂਤ
Publish Date: Fri, 20 Feb 2026 03:05 PM (IST)
Updated Date: Fri, 20 Feb 2026 03:06 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਪੰਜਾਬੀ ਸਾਹਿਤ ਦੇ ਆਕਾਸ਼ ਦਾ ਚਮਕਦਾ ਤਾਰਾ, ਪ੍ਰਸਿੱਧ ਕਵੀ ਨਵਰਾਹੀ ਘੁਗਿਆਣਵੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੰਜਾਬ ਦੇ ਸਾਹਿਤਕ ਹਲਕਿਆਂ ਵਿਚ ਡੂੰਘਾ ਸੋਗ ਛਾ ਗਿਆ ਹੈ। ਇਉਂ ਮਹਿਸੂਸ ਹੋਇਆ ਜਿਵੇਂ ਪੁੰਨਿਆ ਦਾ ਚੰਨ ਅਚਾਨਕ ਟੁੱਟ ਕੇ ਖਲਾਅ ਵਿਚ ਖਿੱਲਰ ਗਿਆ ਹੋਵੇ। 11 ਅਗਸਤ 1937 ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਘੁਗਿਆਣਾ ਵਿਚ ਮਿਹਰ ਸਿੰਘ ਬਰਾੜ ਅਤੇ ਕਰਤਾਰ ਕੌਰ ਦੇ ਘਰ ਜਨਮੇ ਫੌਜ਼ਾ ਸਿੰਘ ਬਰਾੜ ਨੇ ਸਾਹਿਤਕ ਦੁਨੀਆ ਵਿਚ “ਨਵਰਾਹੀ ਘੁਗਿਆਣਵੀ” ਨਾਮ ਨਾਲ ਵਿਲੱਖਣ ਪਛਾਣ ਬਣਾਈ। ਪੰਜਾਬੀ ਅਤੇ ਅੰਗਰੇਜ਼ੀ ਵਿਚ ਮਾਸਟਰ ਡਿਗਰੀ ਹਾਸਲ ਕਰਕੇ ਉਨ੍ਹਾਂ ਨੇ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ ਅਤੇ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਨੌਕਰੀ ਦੇ ਨਾਲ-ਨਾਲ ਉਹ ਲੇਖਕ ਜਥੇਬੰਦੀਆਂ ਵਿਚ ਵੀ ਸਰਗਰਮ ਰਹੇ ਅਤੇ ਸਾਹਿਤ ਸਭਾ ਫ਼ਰੀਦਕੋਟ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਲੰਮੇ ਸਮੇਂ ਤੱਕ ਜੁੜੇ ਰਹੇ। 1956 ਵਿਚ ‘ਸੈਨਿਕ ਸਮਾਚਾਰ’ ਰਾਹੀਂ ਪ੍ਰਕਾਸ਼ਿਤ ਪਹਿਲੀ ਰਚਨਾ ਤੋਂ ਲੈ ਕੇ ‘ਘਾਲਣਾ’, ‘ਥਲਾਂ ਦੀ ਰੇਤ’, ‘ਅੰਬੀਆਂ’, ‘ਛਹਿਬਰ’ ਅਤੇ ਬਾਲ ਸਾਹਿਤ ਦੀਆਂ ਅਨੇਕ ਕਿਤਾਬਾਂ ਤੱਕ ਉਨ੍ਹਾਂ ਦੀ ਕਲਮ ਨਿਰੰਤਰ ਰਚਨਾਤਮਕ ਰਹੀ। 40 ਤੋਂ ਵੱਧ ਸਾਹਿਤਕ ਸੰਗਠਨਾਂ ਵੱਲੋਂ ਸਨਮਾਨਿਤ ਹੋਏ ਇਸ ਵਿਦਵਾਨ ਨੇ 2003 ਵਿਚ ਆਪਣੇ ਪਿੰਡ ਵਿਚ ‘ਬਰਾੜ ਲਾਇਬਰੇਰੀ’ ਸਥਾਪਿਤ ਕਰਕੇ ਪਾਠਕਾਂ ਨੂੰ ਸਾਹਿਤ ਨਾਲ ਜੋੜਿਆ। ਸਾਹਿਤ ਸਭਾ ਜ਼ੀਰਾ ਦੀ ਵਿਸ਼ੇਸ਼ ਮੀਟਿੰਗ ਦਲਜੀਤ ਰਾਏ ਕਾਲੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗੁਰਚਰਨ ਸਿੰਘ ਨੂਰਪੁਰ, ਅਮਰਜੀਤ ਸੁਨੇਰਵੀ, ਸੁਖਰਾਜ ਜ਼ੀਰਾ, ਜਰਨੈਲ ਸਿੰਘ ਭੁੱਲਰ, ਪ੍ਰਤਾਪ ਸਿੰਘ ਹੀਰਾ, ਐਡਵੋਕੇਟ ਹਰਦੀਪ ਸਿੰਘ ਸ਼ੇਰ ਗਿੱਲ, ਕਾਲਾ ਬੇਰੀ ਵਾਲਾ, ਦੀਪ ਜੀਰਵੀ, ਹਰੀਦਾਸ ਚੌਹਾਨ, ਹਰਚਰਨ ਸਿੰਘ ਚੋਹਲਾ, ਪਰਮਜੀਤ ਸਿੰਘ ਬਰਾੜ, ਮੁਖਤਿਆਰ ਸਿੰਘ ਵਿਦਿਆਰਥੀ, ਹਰਪ੍ਰੀਤ ਸਿੰਘ ਰੱਬੀ ਸ਼ਾਇਰ, ਮਨਦੀਪ ਸਿੰਘ, ਪ੍ਰਿਤਪਾਲ ਸਿੰਘ ਮਣਕੂ, ਜਸਵੰਤ ਸਿੰਘ ਭੱਟੀ, ਦਲਜੀਤ ਸਿੰਘ ਨੂਰਪੁਰ, ਬਲਜੀਤ ਬਾਦਸ਼ਾਹ, ਤਾਰਾ ਸਿੰਘ ਫੌਜੀ, ਗੁਰਦੇਵ ਸਿੰਘ ਮਰਖਾਈ, ਸੁਰਿੰਦਰ ਕੁਮਾਰ ਜੀਰਾ, ਮੇਜਰ ਸਿੰਘ ਸੰਧੂ, ਬਲਵੀਰ ਸਿੰਘ ਲੋਹਗੜ ਅਤੇ ਪ੍ਰਦੀਪ ਅਲੀਪੁਰ ਸਮੇਤ ਅਨੇਕਾਂ ਸਾਹਿਤਕਾਰਾਂ ਨੇ ਉਨ੍ਹਾਂ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਿਤ ਕੀਤੀ। ਪ੍ਰਸਿੱਧ ਲੇਖਕ ਗੁਰਚਰਨ ਸਿੰਘ ਨੂਰਪੁਰ ਨੇ ਕਿਹਾ ਕਿ ਨਵਰਾਹੀ ਘੁਗਿਆਣਵੀ ਦਾ ਵਿਛੋੜਾ ਪੰਜਾਬੀ ਸਾਹਿਤ ਲਈ ਅਪੂਰਣੀਯ ਘਾਟ ਹੈ। ਉਨ੍ਹਾਂ ਦੀ ਕਲਮ ਦੀ ਸੁਗੰਧ ਸਦਾ ਪੰਜਾਬ ਦੀ ਮਿੱਟੀ ਵਿਚ ਮਹਿਕਦੀ ਰਹੇਗੀ।