ਹਰੀਕੇ ਹੈੱਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਦਾ ਨਵੀਨੀਕਰਨ ਸ਼ੁਰੂ
ਹੜ੍ਹਾਂ ਤੋਂ ਬਚਾਅ ਲਈ ਹਰੀਕੇ ਹੈੱਡ ਵਰਕਸ ਤੋਂ ਨਿਕਲਣ ਵਾਲੀਆਂ ਨਹਿਰਾਂ ਦਾ ਨਵੀਨੀਕਰਨ ਸ਼ੁਰੂ
Publish Date: Fri, 13 Feb 2026 03:21 PM (IST)
Updated Date: Fri, 13 Feb 2026 03:24 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਹੜ੍ਹਾਂ ਦੌਰਾਨ ਖ਼ਤਰੇ ਦੀ ਘੰਟੀ ਬਣੀਆਂ ਹਰੀਕੇ ਹੈੱਡ ਵਰਕਸ ਤੋਂ ਨਿਕਲਣ ਵਾਲੀਆਂ ਮੁੱਖ ਜੌੜੀਆਂ ਨਹਿਰਾਂ ਦੇ ਨਵੀਨੀਕਰਨ ਦਾ ਕੰਮ ਹੁਣ ਜ਼ਮੀਨੀ ਪੱਧਰ ’ਤੇ ਸ਼ੁਰੂ ਹੋ ਗਿਆ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਤੱਟੀ ਇਲਾਕਿਆਂ ਨੂੰ ਹੜ੍ਹਾਂ ਦੀ ਤਬਾਹੀ ਤੋਂ ਬਚਾਏਗਾ,ਸਗੋਂ ਖੇਤੀਬਾੜੀ ਅਤੇ ਆਵਾਜਾਈ ਲਈ ਵੀ ਮਜ਼ਬੂਤ ਢਾਂਚਾ ਮੁਹੱਈਆ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਆਏ ਹੜ੍ਹਾਂ ਦੌਰਾਨ ਇਹ ਨਹਿਰਾਂ ਟੁੱਟਣ ਦੀ ਕਗਾਰ ’ਤੇ ਸਨ। ਉਨ੍ਹਾਂ ਕਿਹਾ ਕਿ ਹੜ੍ਹਾਂ ਦੌਰਾਨ ਪਾਣੀ ਪਟੜੀਆਂ ’ਤੇ ਵਗਦਾ ਰਿਹਾ, ਪੁਲਾਂ ਦੀ ਰੇਲਿੰਗ ਖੁਲ ਗਈ ਅਤੇ ਸੜਕਾਂ ਖ਼ਤਰੇ ਵਿਚ ਆ ਗਈਆਂ ਸਨ। ਉਸ ਵੇਲੇ ਉਨ੍ਹਾਂ ਵੱਲੋਂ ਪੱਤਰਕਾਰਾਂ ਨੂੰ ਮੌਕੇ ਦੇ ਹਾਲਾਤ ਵਿਖਾਏ ਗਏ ਸਨ , ਅਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਗਈ ਸੀ।ਉਨ੍ਹਾਂ ਨੇ ਪੁਲਾਂ ’ਤੇ ਰੇਲਿੰਗ,ਪਟੜੀਆਂ ਦੀ ਮਜ਼ਬੂਤੀ ਅਤੇ ਨਹਿਰ-ਕਿਨਾਰਿਆਂ ’ਤੇ ਸੜਕਾਂ ਬਣਾਉਣ ਦੀ ਮੰਗ ਵੀ ਰੱਖੀ ਸੀ,ਜਿਸ ਦਾ ਕੰਮ ਹੁਣ ਸ਼ੁਰੂ ਹੋ ਚੁੱਕਾ ਹੈ। ਸੁਰਿੰਦਰ ਸਿੰਘ ਜੌੜਾ ਨੇ ਨਵੀਨੀਕਰਨ ਸ਼ੁਰੂ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਦਮ ਗੁਰਦਿੱਤੀ ਵਾਲਾ ਹੈੱਡ ਅਤੇ ਨੇੜਲੇ ਪਿੰਡਾਂ ਨੂੰ ਸੰਭਾਵਿਤ ਹੜ੍ਹਾਂ ਦੀ ਤਬਾਹੀ ਤੋਂ ਬਚਾਉਣ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ। ਕਿਸਾਨਾਂ ਦੀ ਫ਼ਸਲ ਬਚੇਗੀ ਅਤੇ ਹਜ਼ਾਰਾਂ ਪਰਿਵਾਰਾਂ ਨੂੰ ਰਾਹਤ ਮਿਲੇਗੀ।