ਹਨੂੰਮਾਨ ਜਨਮ ਉਤਸਵ ਮੌਕੇ ਯੂਨੀਵਰਸਿਟੀ ਵਿਖੇ ਧਾਰਮਿਕ ਸਮਾਗਮ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਹਨੂੰਮਾਨ ਜਨਮ ਉਤਸਵ ਮੌਕੇ ਕਰਵਾਇਆ ਗਿਆ ਧਾਰਮਿਕ ਸਮਾਗਮ
Publish Date: Thu, 02 Apr 2026 04:45 PM (IST)
Updated Date: Fri, 03 Apr 2026 04:08 AM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸ਼੍ਰੀ ਹਨੂੰਮਾਨ ਜੀ ਦੇ ਜਨਮ ਉਤਸਵ ਦੇ ਪਵਿੱਤਰ ਮੌਕੇ ’ਤੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਕੈਂਟ ਵਿਖੇ ਰਾਜੇਸ਼ ਸਿੰਗਲਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਇਕ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮਪਾਲ ਬਾਂਸਲ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਅਤੇ ਹਾਰਮਨੀ ਆਯੂਰਵੈਦਿਕ ਕਾਲਜ ਨੇ ਆਪਣੇ ਪੂਰੇ ਗਰੁੱਪ ਦੇ ਮੈਂਬਰਾਂ ਨਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਧਰਮਪਾਲ ਬਾਂਸਲ ਵੱਲੋਂ ਬਹੁਤ ਹੀ ਸੁਰੀਲੀ ਆਵਾਜ਼ ਵਿਚ ‘ਗਣੇਸ਼ ਵੰਦਨਾ’ ਗਾ ਕੇ ਕੀਤੀ ਗਈ, ਜਿਸ ਤੋਂ ਬਾਅਦ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਇਸ ਮੌਕੇ ਹਾਜ਼ਰ ਸ਼ਰਧਾਲੂਆਂ ਨੇ ਭਜਨ-ਕੀਰਤਨ ਰਾਹੀਂ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਵਿਸ਼ੇਸ਼ ਪ੍ਰਵਚਨ ਵੀ ਕੀਤੇ ਗਏ, ਜਿਸ ਵਿਚ ਹਨੂੰਮਾਨ ਜੀ ਦੇ ਜੀਵਨ, ਉਨ੍ਹਾਂ ਦੀ ਅਥਾਹ ਸ਼ਕਤੀ ਅਤੇ ਨਿਸ਼ਕਾਮ ਭਗਤੀ ਬਾਰੇ ਚਾਨਣਾ ਪਾਇਆ ਗਿਆ। ਧਰਮਪਾਲ ਬਾਸਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਸਮਾਗਮ ਨਾ ਸਿਰਫ਼ ਸਾਨੂੰ ਪ੍ਰਭੂ ਨਾਲ ਜੋੜਦੇ ਹਨ, ਸਗੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਸੰਸਕ੍ਰਿਤੀ ਅਤੇ ਸਨਾਤਨ ਧਰਮ ਦੇ ਮੁੱਲਾਂ ਬਾਰੇ ਵੀ ਜਾਣੂ ਕਰਵਾਉਂਦੇ ਹਨ। ਉਨ੍ਹਾਂ ਕਿਹਾ ਹਨੂੰਮਾਨ ਜਨਮ ਉਤਸਵ ਸਾਨੂੰ ਸੇਵਾ, ਸੱਚਾਈ ਅਤੇ ਸਮਰਪਣ ਦਾ ਮਾਰਗ ਦਿਖਾਉਂਦਾ ਹੈ। ਸਾਡਾ ਗਰੁੱਪ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇਗਾ ਤਾਂ ਜੋ ਸਮਾਜ ਵਿਚ ਭਾਈਚਾਰਕ ਸਾਂਝ ਮਜ਼ਬੂਤ ਹੋ ਸਕੇ। ਭਗਤੀ ਭਜਨ ਗਰੁੱਪ ਦੇ ਮੈਂਬਰਾਂ ਨੇ ਪੂਰੀ ਨਿਸ਼ਠਾ ਨਾਲ ਸੇਵਾ ਨਿਭਾਈ। ਇਸ ਮੌਕੇ ਸ਼ਰਧਾਲੂਆਂ ਲਈ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਮੁਕੇਸ਼ ਗੋਇਲ, ਅਸ਼ੋਕ ਕੱਕੜ, ਤ੍ਰਲੋਚਨ ਚੋਪੜਾ, ਗੌਰਵ ਅਨਮੋਲ, ਮਹਿੰਦਰ ਬਜਾਜ, ਕੈਲਾਸ਼ ਸ਼ਰਮਾ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਅਤੇ ਇਸ ਧਾਰਮਿਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਹ ਸਮਾਗਮ ਸ਼ਰਧਾ ਅਤੇ ਆਤਮਿਕ ਸ਼ਾਂਤੀ ਦਾ ਸੁਨੇਹਾ ਦਿੰਦਿਆਂ ਸਫਲਤਾਪੂਰਵਕ ਸੰਪੰਨ ਹੋਇਆ।