- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾਕ ਵਿਭਾਗ ਨੇ ਅੰਤਰਰਾਸ਼ਟਰੀ ਡਾਕ ਬੁਕਿੰਗ ਸੇਵਾ ਦਾ ਦਾਇਰਾ ਵਧਾਉਂਦੇ ਹੋਏ ਹੁਣ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਆਪਣੀ ਪਹੁੰਚ ਬਣਾ ਲਈ ਹੈ, ਤਾਂ ਜੋ ਪਿੰਡਾਂ ਦੇ ਲੋਕ ਵੀ ਇਸ ਸਹੂਲਤ ਦਾ ਲਾਭ ਲੈ ਸਕਣ।

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਡਾਕ ਵਿਭਾਗ ਨੇ ਅੰਤਰਰਾਸ਼ਟਰੀ ਡਾਕ ਬੁਕਿੰਗ ਸੇਵਾ ਦਾ ਦਾਇਰਾ ਵਧਾਉਂਦੇ ਹੋਏ ਹੁਣ ਪੇਂਡੂ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਆਪਣੀ ਪਹੁੰਚ ਬਣਾ ਲਈ ਹੈ, ਤਾਂ ਜੋ ਪਿੰਡਾਂ ਦੇ ਲੋਕ ਵੀ ਇਸ ਸਹੂਲਤ ਦਾ ਲਾਭ ਲੈ ਸਕਣ। ਡਾਕ ਵਿਭਾਗ ਵੱਲੋਂ ਹੁਣ ਵਿਦੇਸ਼ਾਂ ਵਿਚ ਡਾਕ ਅਤੇ ਪਾਰਸਲ ਭੇਜਣ ਲਈ ਸ਼ਹਿਰੀ ਖੇਤਰਾਂ ਦੇ ਨਾਲ-ਨਾਲ ਪੇਂਡੂ ਇਲਾਕਿਆਂ ਦੇ ਡਾਕਘਰਾਂ ਵਿਚ ਵੀ ਇਹ ਵਿਸ਼ੇਸ਼ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਫ਼ਿਰੋਜ਼ਪੁਰ ਮੰਡਲ ਦੇ ਸੁਪਰਡੈਂਟ ਆਫ਼ ਪੋਸਟ ਆਫ਼ਿਸਿਜ਼ ਰਵੀ ਕੁਮਾਰ ਨੇ ਦੱਸਿਆ ਕਿ ਹੁਣ ਆਮ ਲੋਕ ਡਾਕ ਵਿਭਾਗ ਰਾਹੀਂ ਵਿਦੇਸ਼ਾਂ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਬੇਹੱਦ ਵਾਜਬ ਕੀਮਤਾਂ ’ਤੇ ਸਮਾਨ ਭੇਜ ਸਕਦੇ ਹਨ।
ਇਹ ਸਹੂਲਤ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਪੇਂਡੂ ਡਾਕਘਰਾਂ ਵਿਚ ਉਪਲਬੱਧ ਕਰਵਾਈ ਗਈ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਦੱਸਿਆ ਕਿ ਸਰਕਾਰੀ ਡਾਕਘਰਾਂ ਦੀਆਂ ਦਰਾਂ ਨਿੱਜੀ ਕੂਰੀਅਰ ਸਰਵਿਸਿਜ਼ ਦੇ ਮੁਕਾਬਲੇ ਕਾਫ਼ੀ ਘੱਟ ਅਤੇ ਕਿਫ਼ਾਇਤੀ ਹਨ। ਵਿਭਾਗ ਦੇ ਇਸ ਕਦਮ ਨਾਲ ਹੁਣ ਪਿੰਡਾਂ ਦੇ ਵਸਨੀਕਾਂ ਨੂੰ ਵਿਦੇਸ਼ ਪਾਰਸਲ ਭੇਜਣ ਲਈ ਸ਼ਹਿਰਾਂ ਵੱਲ ਨਹੀਂ ਭੱਜਣਾ ਪਵੇਗਾ, ਸਗੋਂ ਉਹ ਆਪਣੇ ਪਿੰਡ ਦੇ ਡਾਕਘਰ ਵਿੱਚੋਂ ਹੀ ਇਸ ਸੇਵਾ ਦਾ ਫ਼ਾਇਦਾ ਉਠਾ ਸਕਣਗੇ।
ਲੋਕਾਂ ਦੀ ਸਹੂਲਤ ਲਈ ਵਿਭਾਗ ਨੇ ਦਰਾਂ ਦੀ ਜਾਣਕਾਰੀ ਆਨਲਾਈਨ ਵੀ ਮੁਹੱਈਆ ਕਰਵਾਈ ਹੈ। ਗਾਹਕ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਦੇਸ਼-ਵਿਦੇਸ਼ ਵਿਚ ਸਮਾਨ ਭੇਜਣ ਦੀਆਂ ਦਰਾਂ ਅਤੇ ਹੋਰ ਸੇਵਾਵਾਂ ਬਾਰੇ ਘਰ ਬੈਠੇ ਹੀ ਪਤਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਸੁਪਰਡੈਂਟ ਨੇ ਇਹ ਵੀ ਸਪਸ਼ਟ ਕੀਤਾ ਕਿ ਵਿਭਾਗ ਵੱਲੋਂ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਲਈ ਉੱਚ ਗੁਣਵੱਤਾ ਵਾਲੇ ਪੈਕਿੰਗ ਬਾਕਸ ਅਤੇ ਪੈਕਿੰਗ ਦੀ ਸਹੂਲਤ ਵੀ ਬਹੁਤ ਹੀ ਘੱਟ ਰੇਟਾਂ ’ਤੇ ਪੇਂਡੂ ਡਾਕਘਰਾਂ ਵਿਚ ਮੁਹੱਈਆ ਕਰਵਾਈ ਗਈ ਹੈ।