ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ‘ਰੈਪਿਡੋ’ ਸੇਵਾ ਦਾ ਆਗਾਜ਼
ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ‘ਰੈਪਿਡੋ’ ਸੇਵਾ ਦਾ ਆਗਾਜ਼
Publish Date: Fri, 27 Feb 2026 04:47 PM (IST)
Updated Date: Fri, 27 Feb 2026 04:49 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਅਧੀਨ ਆਉਂਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਅੱਜ ਯਾਤਰੀਆਂ ਦੇ ਸਫਰ ਨੂੰ ਹੋਰ ਸੁਖਾਲਾ ਬਣਾਉਣ ਲਈ ‘ਰੈਪਿਡੋ’ ਐਪ-ਅਧਾਰਿਤ ਟਰਾਂਸਪੋਰਟ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸੇਵਾ ਰੇਲਵੇ ਦੇ ‘ਨਾਨ-ਫੇਅਰ ਰੈਵੇਨਿਊ’ ਮਾਡਲ ਦੇ ਤਹਿਤ ਅਗਲੇ ਤਿੰਨ ਸਾਲਾਂ ਲਈ ਸ਼ੁਰੂ ਕੀਤੀ ਗਈ ਹੈ। ਇਸ ਸੁਵਿਧਾ ਨਾਲ ਹੁਣ ਸਟੇਸ਼ਨ ’ਤੇ ਉਤਰਨ ਵਾਲੇ ਯਾਤਰੀਆਂ ਨੂੰ ਬਾਹਰ ਜਾ ਕੇ ਟੈਕਸੀ ਜਾਂ ਆਟੋ ਲਈ ਭਟਕਣਾ ਨਹੀਂ ਪਵੇਗਾ। ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਟੇਸ਼ਨ ਕੰਪਲੈਕਸ ਵਿਚ ਰੈਪਿਡੋ ਦਾ ਇਕ ਸਪੈਸ਼ਲ ਕਾਊਂਟਰ (ਹੈਲਪ ਡੈਸਕ) ਵੀ ਸਥਾਪਿਤ ਕੀਤਾ ਹੈ। ਇੱਥੇ ਮੌਜ਼ੂਦ ਸਟਾਫ ਉਨ੍ਹਾਂ ਯਾਤਰੀਆਂ ਦੀ ਮੱਦਦ ਕਰੇਗਾ ਜੋ ਐਪ ਦੀ ਵਰਤੋਂ ਕਰਨ ਵਿਚ ਅਸਮਰੱਥ ਹਨ ਜਾਂ ਜਿਨ੍ਹਾਂ ਨੂੰ ਬੁਕਿੰਗ ਸਬੰਧੀ ਜਾਣਕਾਰੀ ਚਾਹੀਦੀ ਹੈ। ਰੈਪਿਡੋ ਰਾਹੀਂ ਯਾਤਰੀ ਆਪਣੀ ਲੋੜ ਅਨੁਸਾਰ ਈ-ਰਿਕਸ਼ਾ, ਆਟੋ, ਬਾਈਕ ਟੈਕਸੀ ਅਤੇ ਕੈਬ ਬੁੱਕ ਕਰ ਸਕਣਗੇ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਸ ਸੇਵਾ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਸਟੇਸ਼ਨ ਤੋਂ ਘਰ ਜਾਂ ਹੋਟਲ ਤੱਕ ਪਹੁੰਚਣ ਲਈ ਸੁਰੱਖਿਅਤ ਅਤੇ ਕਿਫਾਇਤੀ ਸਾਧਨ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅੰਮ੍ਰਿਤਸਰ ਦੀ ਸਫਲਤਾ ਤੋਂ ਬਾਅਦ ਅਜਿਹੀਆਂ ਸੇਵਾਵਾਂ ਫਿਰੋਜ਼ਪੁਰ ਮੰਡਲ ਦੇ ਹੋਰ ਪ੍ਰਮੁੱਖ ਸਟੇਸ਼ਨਾਂ ਜਿਵੇਂ ਕਿ ਲੁਧਿਆਣਾ ਅਤੇ ਜਲੰਧਰ ਵਿਚ ਵੀ ਸ਼ੁਰੂ ਕੀਤੀਆਂ ਜਾਣਗੀਆਂ। ਰੇਲਵੇ ਵੱਲੋਂ ਇਕ ਹੋਰ ਅਹਿਮ ਕਦਮ ਚੁੱਕਦਿਆਂ ਆਈਆਰਸੀਟੀਸੀ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਹੈ ਕਿ ਰੈਪਿਡੋ ਐਪ ਨੂੰ ਰੇਲਵੇ ਦੀ ‘ਰੇਲ-ਕਨੈਕਟ’ ਐਪ ਨਾਲ ਜੋੜਿਆ ਜਾਵੇ। ਜੇਕਰ ਇਹ ਪ੍ਰਵਾਨ ਹੋ ਜਾਂਦਾ ਹੈ, ਤਾਂ ਯਾਤਰੀ ਆਪਣੀ ਟਰੇਨ ਦੀ ਟਿਕਟ ਬੁੱਕ ਕਰਦੇ ਸਮੇਂ ਹੀ ਸਟੇਸ਼ਨ ਤੋਂ ਅੱਗੇ ਜਾਣ ਲਈ ਟੈਕਸੀ ਵੀ ਬੁੱਕ ਕਰ ਸਕਣਗੇ। ਇਸ ਨਾਲ ਜਿੱਥੇ ਯਾਤਰੀਆਂ ਨੂੰ ਇੱਕੋ ਪਲੇਟਫਾਰਮ ’ਤੇ ਸਾਰੀਆਂ ਸਹੂਲਤਾਂ ਮਿਲਣਗੀਆਂ, ਉੱਥੇ ਹੀ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।