ਫ਼ਿਰੋਜ਼ਪੁਰ ਦੀ ਰਮਨਦੀਪ ਕੌਰ ਦੀ ਆਰਮੀ ਡੇਅ ਪਰੇਡ ਲਈ ਚੋਣ
ਫਿਰੋਜ਼ਪੁਰ ਦੀ ਰਮਨਦੀਪ ਕੌਰ ਦੀ ਆਰਮੀ ਡੇਅ ਪਰੇਡ ਲਈ ਹੋਈ ਚੋਣ
Publish Date: Sun, 11 Jan 2026 05:49 PM (IST)
Updated Date: Sun, 11 Jan 2026 05:51 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੀ ਐੱਨਸੀਸੀ ਕੈਡੇਟ ਰਮਨਦੀਪ ਕੌਰ ਦੀ ਚੋਣ ਇਸ ਸਾਲ ਦੀ ‘ਆਰਮੀ ਡੇਅ ਪਰੇਡ’ ਲਈ ਹੋਈ ਹੈ।ਯੂਨੀਵਰਸਿਟੀ ਦੇ ਐੱਨਸੀਸੀ ਅਫ਼ਸਰ ਡਾ. ਕੁੰਵਰ ਸੁਨੀਲ ਬਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੱਕਾਰੀ ਪਰੇਡ 15 ਜਨਵਰੀ ਨੂੰ ਜੈਪੁਰ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਰਮਨਦੀਪ ਕੌਰ 13 ਪੰਜਾਬ ਐੱਨਸੀਸੀ ਬਟਾਲੀਅਨ (ਲੜਕੀਆਂ) ਦੀ ਕੈਡੇਟ ਹੈ। ਉਹ ਫ਼ਿਰੋਜ਼ਪੁਰ ਦੇ ਪਿੰਡ ਖੁਰਦ ਗੱਟੀ ਦੇ ਨਿਵਾਸੀ ਭਜਨ ਸਿੰਘ ਦੀ ਸਪੁੱਤਰੀ ਹੈ। ਰਮਨਦੀਪ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਯੂਨੀਵਰਸਿਟੀ, ਸਗੋਂ ਪੂਰੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਨਾਂ ਰੌਸ਼ਨ ਹੋਇਆ ਹੈ। ਇਹ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਆਰਮੀ ਡੇਅ ਪਰੇਡ ਜੈਪੁਰ ਵਿਚ ਕਰਵਾਈ ਜਾ ਰਹੀ ਹੈ। ਇਸ ਪਰੇਡ ਵਿਚ ਕੁੱਲ 25 ਮਹਿਲਾ ਕੈਡੇਟਸ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਚੁਣੇ ਹੋਏ ਐੱਨਸੀਸੀ ਕੈਡੇਟ ਸ਼ਾਮਲ ਹਨ। ਇਸ ਸ਼ਾਨਦਾਰ ਸਫ਼ਲਤਾ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੀ ਰਜਿਸਟਰਾਰ ਡਾ. ਗਜ਼ਲ ਪ੍ਰੀਤ ਅਰਨੇਜਾ ਨੇ ਰਮਨਦੀਪ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਰਮਨਦੀਪ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ।