‘ਪੀਸਮੀਲ ਲੋਡਿੰਗ’ ਨਾਲ ਰੇਲਵੇ ਨੇ ਅਸਾਮ ਤੱਕ ਪਹੁੰਚਾਇਆ ਪੰਜਾਬ ਦਾ ਮਾਲ
ਰੇਲਵੇ ਨੇ ਅਸਾਮ ਤੱਕ ਪਹੁੰਚਾਇਆ ਪੰਜਾਬ ਦਾ ਮਾਲ
Publish Date: Fri, 05 Jun 2026 08:09 PM (IST)
Updated Date: Sat, 06 Jun 2026 04:11 AM (IST)

* ਹੁਣ ਛੋਟੇ ਵਪਾਰੀਆਂ ਦੀ ਮੰਜ਼ਿਲ ਬਣਿਆ ਰੇਲਵੇ * ਫਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਨੇ ਦੋ ਮਹੀਨਿਆਂ ’ਚ 37 ਵੈਗਨ ਭੇਜ ਕੇ 54% ਵਾਧਾ ਕੀਤਾ ਦਰਜ ਫੋਟੋ ਫਾਈਲ; 05ਐਫਜੈਡਆਰ 10 ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਿਸਾਨਾਂ, ਛੋਟੇ ਤੇ ਮੱਧਮ ਵਪਾਰੀਆਂ ਲਈ ਦੇਸ਼ ਭਰ ਦੇ ਬਾਜ਼ਾਰਾਂ ਤੱਕ ਪਹੁੰਚ ਬਣਾਉਣ ਦੇ ਮਕਸਦ ਨਾਲ ਫਿਰੋਜ਼ਪੁਰ ਰੇਲ ਮੰਡਲ ਵੱਲੋਂ ਸ਼ੁਰੂ ਕੀਤੀ ਗਈ ‘ਪੀਸਮੀਲ ਲੋਡਿੰਗ’ ਯੋਜਨਾ ਵੱਡੀ ਸਫ਼ਲਤਾ ਹਾਸਲ ਕਰ ਰਹੀ ਹੈ। ਇਸ ਵਿਵਸਥਾ ਨੇ ਨਾ ਸਿਰਫ਼ ਛੋਟੇ ਵਪਾਰੀਆਂ ਦੀ ਆਵਾਜਾਈ ਲਾਗਤ ਘਟਾਈ ਹੈ, ਸਗੋਂ ਉਨ੍ਹਾਂ ਲਈ ਦੂਰ-ਦੁਰਾਡੇ ਰਾਜਾਂ ’ਚ ਆਪਣਾ ਮਾਲ ਭੇਜਣਾ ਵੀ ਆਸਾਨ ਬਣਾ ਦਿੱਤਾ ਹੈ। ਆਮ ਤੌਰ ’ਤੇ ਰੇਲਵੇ ਰਾਹੀਂ ਮਾਲ ਭੇਜਣ ਲਈ ਪੂਰੀ ਮਾਲ ਗੱਡੀ ਜਾਂ ਰੇਕ ਬੁੱਕ ਕਰਨੀ ਪੈਂਦੀ ਸੀ, ਜਿਸ ਕਾਰਨ ਛੋਟੇ ਕਾਰੋਬਾਰੀ ਇਸ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਸਨ। ਪਰ ‘ਪੀਸਮੀਲ ਲੋਡਿੰਗ’ ਸਕੀਮ ਤਹਿਤ ਹੁਣ ਵਪਾਰੀ ਆਪਣੀ ਲੋੜ ਮੁਤਾਬਕ ਇਕ ਜਾਂ ਕੁਝ ਵੈਗਨ ਬੁੱਕ ਕਰ ਕੇ ਰੇਲਵੇ ਦੀਆਂ ਸਸਤੀਆਂ ਤੇ ਭਰੋਸੇਯੋਗ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਚਾਲੂ ਵਿੱਤੀ ਸਾਲ 2026-27 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਫਿਰੋਜ਼ਪੁਰ ਮੰਡਲ ਨੇ ਇਸ ਯੋਜਨਾ ਅਧੀਨ ਨਵਾਂਸ਼ਹਿਰ ਦੋਆਬਾ, ਮੁਕਤਸਰ ਤੇ ਫਾਜ਼ਿਲਕਾ ਸਟੇਸ਼ਨਾਂ ਤੋਂ ਅਸਾਮ ਲਈ ਕੁੱਲ 37 ਵੈਗਨ ਮਾਲ ਰਵਾਨਾ ਕੀਤਾ ਹੈ। ਇਨ੍ਹਾਂ ’ਚ ਨਵਾਂਸ਼ਹਿਰ, ਦੋਆਬਾ ਤੇ ਮੁਕਤਸਰ ਤੋਂ ਕਾਗਜ਼, ਜਦਕਿ ਫਾਜ਼ਿਲਕਾ ਤੋਂ ਪਸ਼ੂਆਂ ਦਾ ਚਾਰਾ ਭੇਜਿਆ ਗਿਆ। ਇਹ ਪ੍ਰਾਪਤੀ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 54 ਫ਼ੀਸਦੀ ਤੋਂ ਵੱਧ ਵਾਧਾ ਦਰਸਾਉਂਦੀ ਹੈ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਸਫ਼ਲਤਾ ਪਿੱਛੇ ਫਿਰੋਜ਼ਪੁਰ ਮੰਡਲ ਦੀ ‘ਬਿਜ਼ਨਸ ਡਿਵੈਲਪਮੈਂਟ ਯੂਨਿਟ’ ਦੀ ਸਰਗਰਮ ਭੂਮਿਕਾ ਹੈ। ਯੂਨਿਟ ਦੇ ਮੈਂਬਰ ਲਗਾਤਾਰ ਵਪਾਰਕ ਸੰਸਥਾਵਾਂ, ਉਦਯੋਗਾਂ ਤੇ ਕਿਸਾਨਾਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਰੇਲਵੇ ਦੀਆਂ ਮਾਲ ਢੁਆਈ ਸਹੂਲਤਾਂ ਬਾਰੇ ਜਾਣੂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਰੇਲਵੇ ਦਾ ਮਕਸਦ ਸਿਰਫ਼ ਵੱਡੇ ਉਦਯੋਗਾਂ ਨੂੰ ਸੇਵਾਵਾਂ ਦੇਣਾ ਨਹੀਂ, ਸਗੋਂ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣਾ ਵੀ ਹੈ। ‘ਪੀਸਮੀਲ ਲੋਡਿੰਗ’ ਰਾਹੀਂ ਹੁਣ ਪੰਜਾਬ ਦੇ ਕਿਸਾਨ ਤੇ ਕਾਰੋਬਾਰੀ ਘੱਟ ਖ਼ਰਚੇ ’ਤੇ ਆਪਣੀ ਉਪਜ ਅਤੇ ਸਾਮਾਨ ਦੇਸ਼ ਦੇ ਵੱਡੇ ਬਾਜ਼ਾਰਾਂ ਤੱਕ ਪਹੁੰਚਾ ਕੇ ਬਿਹਤਰ ਮੁਨਾਫ਼ਾ ਕਮਾ ਸਕਣਗੇ।