ਹੁਸੈਨੀਵਾਲਾ ਸ਼ਹੀਦੀ ਮੇਲੇ ਲਈ ਰੇਲਵੇ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ
ਹੁਸੈਨੀਵਾਲਾ ਸ਼ਹੀਦੀ ਮੇਲੇ ਲਈ ਰੇਲਵੇ ਵੱਲੋਂ ਸ਼ਰਧਾਲੂਆਂ ਲਈ ਵਿਸ਼ੇਸ਼ ਪ੍ਰਬੰਧ
Publish Date: Mon, 23 Mar 2026 07:38 PM (IST)
Updated Date: Mon, 23 Mar 2026 07:40 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਹੁਸੈਨੀਵਾਲਾ ਵਿਖੇ ਕਰਵਾਏ ਗਏ ਸਾਲਾਨਾ ਸ਼ਹੀਦੀ ਮੇਲੇ ਦੇ ਮੌਕੇ ’ਤੇ ਫਿਰੋਜ਼ਪੁਰ ਮੰਡਲ ਵੱਲੋਂ ਯਾਤਰੀਆਂ ਦੀ ਸਹੂਲਤ ਅਤੇ ਸੁਰੱਖਿਆ ਲਈ ਵਿਆਪਕ ਪ੍ਰਬੰਧ ਕੀਤੇ ਗਏ। ਪਰਮਦੀਪ ਸਿੰਘ ਸੈਣੀ ਸੀਨੀਅਰ ਮੰਡਲ ਵਪਾਰਕ ਮੈਨੇਜਰ ਫਿਰੋਜ਼ਪੁਰ ਨੇ ਦੱਸਿਆ ਕਿ ਰੇਲਵੇ ਵੱਲੋਂ ਮੇਲੇ ਦੌਰਾਨ ਆਉਣ ਵਾਲੀ ਭੀੜ ਨੂੰ ਧਿਆਨ ਵਿਚ ਰੱਖਦਿਆਂ ਖ਼ਾਸ ਯੋਜਨਾ ਉਲੀਕੀ ਗਈ ਸੀ। ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਸਿਟੀ ਅਤੇ ਹੁਸੈਨੀਵਾਲਾ ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਦੀ ਸਹੂਲਤ ਲਈ ਵਾਧੂ ਟਿਕਟ ਖਿੜਕੀਆਂ ਖੋਲ੍ਹੀਆਂ ਗਈਆਂ। ਹੁਸੈਨੀਵਾਲਾ ਸਟੇਸ਼ਨ ਵਿਖੇ ਰੌਸ਼ਨੀ, ਪੱਖਿਆਂ, ਬੈਠਣ ਦੀ ਵਿਵਸਥਾ ਅਤੇ ਪੀਣ ਵਾਲੇ ਸਾਫ਼ ਪਾਣੀ ਦਾ ਖ਼ਾਸ ਪ੍ਰਬੰਧ ਕੀਤਾ ਗਿਆ। ਯਾਤਰੀਆਂ ਦੀ ਸਹਾਇਤਾ ਲਈ ਸੂਚਨਾ ਬੋਰਡ ਲਗਾਏ ਗਏ ਅਤੇ ਲਗਾਤਾਰ ਅਨਾਊਂਸਮੈਂਟਾਂ ਰਾਹੀਂ ਜਾਣਕਾਰੀ ਦਿੱਤੀ ਗਈ। ਯਾਤਰੀਆਂ ਦੀ ਸੁਰੱਖਿਆ ਲਈ ਭਾਰੀ ਮਾਤਰਾ ਵਿਚ ਆਰਪੀਐੱਫ ਅਤੇ ਜੀਆਰਪੀ ਸਟਾਫ ਤਾਇਨਾਤ ਕੀਤਾ ਗਿਆ। ਬਿਨਾਂ ਟਿਕਟ ਯਾਤਰਾ ਨੂੰ ਰੋਕਣ ਲਈ ਵਿਸ਼ੇਸ਼ ਟਿਕਟ ਚੈਕਿੰਗ ਟੀਮਾਂ ਵੀ ਸਰਗਰਮ ਰਹੀਆਂ। ਮੇਲੇ ਦੌਰਾਨ ਯਾਤਰੀਆਂ ਦੀ ਸਹੂਲਤ ਲਈ 6 ਜੋੜੀ ਸ਼ਹੀਦੀ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ। ਟਿਕਟਾਂ ਦੀ ਵਿਕਰੀ ਲਈ ਹੁਸੈਨੀਵਾਲਾ ਤੋਂ ਫਿਰੋਜ਼ਪੁਰ ਕੈਂਟ 250 ਟਿਕਟਾਂ ਅਤੇ ਫਿਰੋਜ਼ਪੁਰ ਕੈਂਟ ਤੋਂ ਹੁਸੈਨੀਵਾਲਾ 294 ਟਿਕਟਾਂ ਵਿਕਰੀ ਹੋਈ।