ਗੋਡੇ ਬਦਲਵਾਉਣ ਤੋਂ ਬਾਅਦ ਰੇਲ ਕਰਮਚਾਰੀਆਂ ਨੇ ਮੈਦਾਨ ’ਚ ਲਾਈ ਦੌੜ
ਗੋਡੇ ਬਦਲਵਾਉਣ ਤੋਂ ਬਾਅਦ ਰੇਲ ਕਰਮਚਾਰੀਆਂ ਨੇ ਮੈਦਾਨ ’ਚ ਲਾਈ ਦੌੜ
Publish Date: Fri, 30 Jan 2026 04:44 PM (IST)
Updated Date: Fri, 30 Jan 2026 04:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਰੇਲਵੇ ਹਸਪਤਾਲ ਫਿਰੋਜ਼ਪੁਰ ਦੀ ਮੁੱਖ ਚਿਕਿਤਸਾ ਪ੍ਰਧਾਨ ਡਾ. ਰੰਜਨਾ ਸਹਿਗਲ ਦੀ ਯੋਗ ਅਗਵਾਈ ਹੇਠ, ਗਣਤੰਤਰ ਦਿਵਸ 2026 ਦੇ ਮੌਕੇ ’ਤੇ ਰੇਲਵੇ ਸਟੇਡੀਅਮ ਵਿਖੇ ਇਕ ਵਿਲੱਖਣ ਖੇਡ ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਰੇਲ ਕਰਮਚਾਰੀਆਂ ਦੀ 50 ਮੀਟਰ ਦੌੜ ਕਰਵਾਈ ਗਈ, ਜਿਨ੍ਹਾਂ ਨੇ ਰੇਲਵੇ ਹਸਪਤਾਲ ਤੋਂ ਗੋਡੇ ਬਦਲਵਾਉਣ ਦੀ ਸਰਜਰੀ ਕਰਵਾਈ ਸੀ। ਇਸ ਦੌੜ ਵਿਚ ਹਿੱਸਾ ਲੈ ਕੇ ਰੇਲ ਕਰਮਚਾਰੀਆਂ ਨੇ ਇਹ ਸਾਬਤ ਕਰ ਦਿੱਤਾ ਕਿ ਆਧੁਨਿਕ ਡਾਕਟਰੀ ਤਕਨੀਕ ਰਾਹੀਂ ਵਿਅਕਤੀ ਨਾ ਸਿਰਫ਼ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਹੋ ਕੇ ਆਮ ਜੀਵਨ ਜੀਅ ਸਕਦਾ ਹੈ, ਸਗੋਂ ਖੇਡਾਂ ਵਿਚ ਵੀ ਸਰਗਰਮ ਹੋ ਸਕਦਾ ਹੈ। ਪ੍ਰੋਗਰਾਮ ਦਾ ਮੁੱਖ ਉਦੇਸ਼ ਗੋਡਿਆਂ ਦੇ ਗਠੀਏ ਤੋਂ ਪੀੜਤ ਮਰੀਜ਼ਾਂ ਨੂੰ ਇਹ ਸੁਨੇਹਾ ਦੇਣਾ ਸੀ ਕਿ ਗੋਡੇ ਬਦਲਣ ਦੀ ਸਰਜਰੀ ਇਕ ਸਫਲ ਅਤੇ ਪ੍ਰਭਾਵਸ਼ਾਲੀ ਇਲਾਜ ਹੈ। ਰੇਲਵੇ ਹਸਪਤਾਲ ਦੇ ਮਸ਼ਹੂਰ ਆਰਥੋਪੈਡਿਕ ਸਰਜਨ ਡਾ. ਅਮਿਤ ਸ਼ੇਰਸੀਆ ਵੱਲੋਂ ਹੁਣ ਤੱਕ 40 ਮਰੀਜ਼ਾਂ ਦੇ ਗੋਡਿਆਂ ਦੀ ਸਫਲ ਸਰਜਰੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਇਹ ਸਰਜਰੀ ਕਾਫ਼ੀ ਗੁੰਝਲਦਾਰ ਮੰਨੀ ਜਾਂਦੀ ਹੈ, ਪਰ ਡਾ. ਸ਼ੇਰਸੀਆ ਦੀ ਮੁਹਾਰਤ ਅਤੇ ਹਸਪਤਾਲ ਵਿਚ ਉਪਲਬਧ ਆਧੁਨਿਕ ਤਕਨੀਕਾਂ ਸਦਕਾ ਇਹ ਸਾਰੇ ਆਪ੍ਰੇਸ਼ਨ ਪੂਰੀ ਤਰ੍ਹਾਂ ਸਫਲ ਰਹੇ ਹਨ। ਇਹ ਮੁਕਾਬਲਾ ਬਹੁਤ ਹੀ ਉਤਸ਼ਾਹ ਪੂਰਵਕ ਸੰਪੰਨ ਹੋਇਆ। ਦੌੜ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਇਨਾਮ ਵੰਡੇ ਗਏ। ਇਸ ਮੌਕੇ ਹਸਪਤਾਲ ਦਾ ਸਟਾਫ ਅਤੇ ਕਈ ਰੇਲਵੇ ਅਧਿਕਾਰੀ ਵੀ ਮੌਜ਼ੂਦ ਸਨ।