ਪੰਜਾਬ-ਹਰਿਆਣਾ ਹਾਈਕੋਰਟ ਬਾਰ ਕੌਂਸਲ ਚੋਣਾਂ ’ਚ ਵਕੀਲਾਂ ਨੇ ਉਤਸ਼ਾਹ ਨਾਲ ਪਾਈਆਂ ਵੋਟਾਂ
ਪੰਜਾਬ-ਹਰਿਆਣਾ ਹਾਈਕੋਰਟ ਬਾਰ ਕੌਂਸਲ ਚੋਣਾਂ: ਵਕੀਲਾਂ ਨੇ ਉਤਸ਼ਾਹ ਨਾਲ ਪਾਈਆਂ ਵੋਟਾਂ
Publish Date: Wed, 18 Mar 2026 07:28 PM (IST)
Updated Date: Wed, 18 Mar 2026 07:31 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ 23 ਮੈਂਬਰਾਂ ਦੀ ਚੋਣ ਲਈ 17 ਅਤੇ 18 ਮਾਰਚ ਨੂੰ ਵੋਟਿੰਗ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਈ। ਵੋਟਿੰਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੀਆਂ ਜ਼ਿਲ੍ਹਾ ਅਤੇ ਸੁਬਾਰਡੀਨੇਟ ਅਦਾਲਤਾਂ ਵਿੱਚ ਕਰਵਾਈ ਗਈ। ਇਸ ਸਬੰਧੀ ਫਿਰੋਜ਼ਪੁਰ ਵਿਚ ਪਈਆਂ ਵੋਟਾਂ ਦੀ ਕੁੱਲ ਪ੍ਰਤੀਸ਼ਤ 70 ਦੇ ਆਸਪਾਸ ਰਹੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਲਵਜੀਤਪਾਲ ਸਿੰਘ ਟੁਰਨਾ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਜਸਦੀਪ ਕੰਬੋਜ਼ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਕੌਂਸਲ ਦੀਆਂ ਕੁੱਲ 25 ਸੀਟਾਂ ਵਿਚੋਂ 23 ਦੀਆਂ ਚੋਣਾਂ ਹੋ ਰਹੀਆਂ ਹਨ ,ਜਦਕਿ ਦੋ ਨਾਮਜਦ ਸੀਟਾਂ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾ 23 ਸੀਟਾਂ ਲਈ 157 ਉਮੀਦਵਾਰ ਮੈਦਾਨ ਵਿਚ ਸਨ। ਬੁੱਧਵਾਰ ਨੂੰ ਫਿਰੋਜ਼ਪੁਰ ਦੇ ਅਦਾਲਤੀ ਕੰਪਲੈਕਸ ਵਿਚ ਪਈਆਂ ਵੋਟਾਂ ਦੌਰਾਨ ਵਕੀਲ ਭਾਈਚਾਰੇ ਵਿਚ ਕਾਫੀ ਜੋਸ਼ ਵੇਖਣ ਨੂੰ ਮਿਲ ਰਿਹਾ ਸੀ। ਇਸ ਸਬੰਧੀ ਐਡਵੋਕੇਟ ਰੋਹਿਤ ਅਰੋੜਾ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਕੁੱਲ 1046 ਵਕੀਲ ਵੋਟਰਾਂ ਵਿਚੋਂ 753 ਨੇ ਆਪਣੇ ਮਤ ਅਧਿਕਾਰ ਦਾ ਪ੍ਰਯੋਗ ਕੀਤਾ, ਜੋ ਕਿ 70 ਫੀਸਦੀ ਤੋਂ ਵੱਧ ਪੋਲਿੰਗ ਦਰਸਾਉਂਦਾ ਹੈ। ਇਸ ਨਾਲ ਵਕੀਲਾਂ ਵਿੱਚ ਚੋਣਾਂ ਪ੍ਰਤੀ ਉਤਸ਼ਾਹ ਸਾਫ਼ ਨਜ਼ਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਬਾਰ ਕੌਂਸਲ ਮੈਂਬਰਾਂ ਦੀ ਚੋਣ ਲੜ ਰਹੇ 157 ਉਮੀਦਵਾਰਾਂ ਦੀ ਕਿਸਮਤ ਵੋਟ ਬਕਸਿਆਂ ਵਿਚ ਬੰਦ ਹੋ ਗਈ ਹੈ। ਰੋਹਿਤ ਅਰੋੜਾ ਨੇ ਦੱਸਿਆ ਕਿ ਬਾਰ ਕੌਂਸਲ ਦੇ ਕੁੱਲ 25 ਮੈਂਬਰ ਹੁੰਦੇ ਹਨ, ਜਿਨ੍ਹਾਂ ਵਿੱਚੋਂ ਦੋ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ।ਨਾਮਜਦ ਕੀਤੇ ਜਾਣ ਵਾਲੇ ਮੈਂਬਰਾਂ ਵਿਚੋਂ ਇਕ ਪੰਜਾਬ ਅਤੇ ਇਕ ਹਰਿਆਣਾ ਤੋਂ ਹੁੰਦਾ ਹੈ। ਦੱਸਣਯੋਗ ਹੈ ਕਿ ਬਾਰ ਕੌਂਸਲ ਚੋਣਾਂ ਦੀ ਦੋ ਦਿਨਾਂ ਵੋਟਿੰਗ ਪ੍ਰਕਿਰਿਆ ਵਿਚ 17 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੇ ਚੰਡੀਗੜ੍ਹ ਕੋਰਟਸ ਵਿੱਚ ਵੋਟਾਂ ਪਈਆਂ, ਜਦਕਿ 18 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਦੀਆਂ ਜ਼ਿਲ੍ਹਾ ਅਤੇ ਸੁਬਾਰਡੀਨੇਟ ਅਦਾਲਤਾਂ ਵਿੱਚ ਵੋਟਿੰਗ ਕਰਵਾਈ ਗਈ।ਫਿਰੋਜ਼ਪੁਰ ਕੋਰਟ ਵਿਚ ਵੋਟਿੰਗ ਦੌਰਾਨ ਪ੍ਰਮੁੱਖ ਤੌਰ ’ਤੇ ਚੋਣ ਮੈਦਾਨ ਨਾਲ ਜੁੜੇ ਪ੍ਰਮੁੱਖ ਚਿਹਰਿਆਂ ਵਿੱਚੋਂ ਸੁਵੀਰ ਸਿੱਧੂ, ਪਰਮਜੀਤ ਸਿੰਘ ਜੰਮੂ, ਮਨਜਿੰਦਰ ਸਿੰਘ ਭੁੱਲਰ, ਹਰੀਸ਼ ਰਾਏ ਢਾਂਡਾ, ਹਰਪ੍ਰੀਤ ਮੁਲਤਾਨੀ ਦੀ ਫੋਟੋ ਵਾਲੇ ਕਾਰਡ ਲਾਈ ਵਕੀਲ ਜ਼ਿਆਦਾ ਨਜ਼ਰ ਆ ਰਹੇ ਸਨ। ਇੰਨ੍ਹਾਂ ਦੇ ਨਾਂ ਖਾਸ ਤੌਰ ’ਤੇ ਚਰਚਾ ਵਿੱਚ ਰਹੇ। ਨਤੀਜਿਆਂ ਨੂੰ ਲੈ ਕੇ ਵਕੀਲਾਂ ਵਿੱਚ ਕਾਫੀ ਉਤਸੁਕਤਾ ਪਾਈ ਜਾ ਰਹੀ ਹੈ।