ਬਜਟ ’ਚ ਸਬਜ਼ੀਆਂ ਦੀ ਐੱਮਐੱਸਪੀ ਦੀ ਗਾਰੰਟੀ ਐਲਾਨੇ ਸਰਕਾਰ : ਬੀਕੇਯੂ
ਪੰਜਾਬ ਸਰਕਾਰ 2026-27 ਦੇ ਬਜਟ ਵਿਚ ਸਬਜ਼ੀਆਂ ਦੀ ਐੱਮਐੱਸਪੀ ਦੀ ਗਾਰੰਟੀ ਕੇਰਲਾ ਵਾਂਗੂੰ ਦੇਣ ਦਾ ਐਲਾਨ ਕਰੇ:
Publish Date: Sat, 07 Mar 2026 05:33 PM (IST)
Updated Date: Sat, 07 Mar 2026 05:36 PM (IST)

ਮਮਦੋਟ : ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਸੂਬੇਦਾਰ ਭੁਲੇਰੀਆ ਨੇ ‘ਆਪ’ ਸਰਕਾਰ ਦਾ ਧਿਆਨ ਸਬਜ਼ੀਆਂ ਤਿਆਰ ਕਰਨ ਵਾਲੇ ਕਿਸਾਨਾਂ ਵੱਲ ਦਿਵਾਉਣ ਲਈ ਕਿਹਾ ਕਿ ‘ਆਪ’ ਸਰਕਾਰ ਦੇ ਕਾਰਜਕਾਲ ਦਾ ਆਖ਼ਰੀ ਤੇ ਪੰਜਵਾਂ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਬਜਟ ਕਿਹੋ ਜਿਹਾ ਹੋਵੇਗਾ ਇਸ ਬਾਰੇ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ। ਬਜਟ ਦਾ ਸੱਪ ਅਜੇ ਪਟਾਰੀ ਵਿਚ ਬੰਦ ਹੈ, ਪਰ ਜਿਹੜੀ ਆਰਥਿਕ ਮੰਦੀ ਦਾ ਸਾਹਮਣਾ ਅੱਜ ਸਬਜ਼ੀਆਂ ਤਿਆਰ ਕਰਨ ਵਾਲੇ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਉਹ ਕਿਸੇ ਦੇ ਵੀ ਅੱਖੋਂ ਪਰੋਖੇ ਨਹੀਂ, ਪਰ ਆਪ ਸਰਕਾਰ ਜਾਣਬੁੱਝ ਕੇ ਉਸ ਨੂੰ ਅਣਦੇਖਿਆ ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਜਿਲ੍ਹੇ ਵਿੱਚ ਵੱਧ ਤੋਂ ਵੱਧ ਕੋਲਡ ਸਟੋਰ ਬਣਾਉਣ ਦੀ ਤਜ਼ਵੀਜ਼ ਰੱਖੇ ਤਾਂ ਕਿ ਕਿਸਾਨ ਆਪਣੇ ਆਲੂਆਂ ਨੂੰ ਉਥੇ ਜਮਾਂ ਕਰਵਾ ਕੇ ਸਮਾਂ ਆਉਣ ਤੇ ਵਧੀਆ ਮੁਨਾਫ਼ਾ ਹਾਸਿਲ ਕਰ ਸਕਣ। ਕੇਰਲ ਵੀ ਇੱਕ ਭਾਰਤ ਦਾ ਸੂਬਾ ਹੈ ਜਿੱਥੇ ਹਰ ਇੱਕ ਸਬਜ਼ੀ ਉਤੇ ਐੱਮਐੱਸਪੀ ਮਿਲ ਰਹੀ ਹੈ। ਸਾਰੀਆਂ ਸਬਜ਼ੀਆਂ ਨੂੰ ਸਰਕਾਰ ਆਪਣੇ ਲੇਵਲ ਤੇ ਸਟੋਰ ਕਰਦੀ ਹੈ। ਕਿਸਾਨਾਂ ਨੂੰ ਬਹੁਤ ਵਧੀਆ ਭਾਅ ਮਿਲ ਰਿਹਾ ਹੈ। ਆਪ ਸਰਕਾਰ ਵੀ ਇਸ ਬਜਟ ਵਿੱਚ ਸਬਜ਼ੀਆਂ ਉਤੇ ਐੱਮਐੱਸਪੀ ਦਾ ਐਲਾਨ ਜ਼ਰੂਰ ਕਰੇ। ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਜੇਕਰ ਰੀੜ੍ਹ ਦੀ ਹੱਡੀ ਕਮਜ਼ੋਰ ਹੋ ਗਈ। ਫਿਰ ਸਾਰਾ ਕੁਝ ਡਾਵਾਡੋਲ ਹੋ ਜਾਵੇਗਾ। ਸਰਕਾਰ ਤੁਰੰਤ ਸਬਜ਼ੀ ਤਿਆਰ ਕਰਨ ਵਾਲਿਆਂ ਕਿਸਾਨਾਂ ਦੇ ਹੱਕ ਵਿਚ ਫੈਸਲਾ ਲਵੇ। ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਇਸ ਦੀ ਪੁਰ ਜ਼ੋਰ ਅਪੀਲ ਕਰਦੀ ਹੈ।