ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਤੱਤਪਰ : ਵਿਧਾਇਕ ਭੁੱਲਰ
ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਤੱਤਪਰ : ਵਿਧਾਇਕ ਭੁੱਲਰ
Publish Date: Fri, 17 Apr 2026 03:31 PM (IST)
Updated Date: Fri, 17 Apr 2026 03:36 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ‘ਪੰਜਾਬ ਸਿੱਖਿਆ ਕ੍ਰਾਂਤੀ’ ਰਾਹੀਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਵੱਡੇ ਪੱਧਰ ’ਤੇ ਵਿਕਾਸ ਕਰ ਕੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਖੇਡਾਂ ਵਿਚ ਸਰਬੋਤਮ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਅੱਜ ਆਪਣੇ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸ਼ਹਾਲ ਸਿੰਘ ਵਾਲਾ ਅਤੇ ਸਰਕਾਰੀ ਹਾਈ ਸਕੂਲ ਦੁਲਚੀ ਕੇ ਸਕੂਲਾਂ ਵਿਚ ਕਰਵਾਏ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਉਪਰੰਤ ਕੀਤਾ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਨਾਲ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਪੜ੍ਹਾਈ ਅਤੇ ਖੇਡਾਂ ਲਈ ਜਰੂਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਕੇ ਉਨ੍ਹਾਂ ਦੇ ਸਮੇਂ ਦੀ ਸਰਬੋਤਮ ਵਰਤੋਂ ਨੂੰ ਯਕੀਨੀ ਬਣਾ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਬੱਚੇ ਵੀ ਪ੍ਰਤੀਯੋਗੀ ਪ੍ਰੀਖਿਆਵਾਂ ਵਿਚ ਸ਼ਾਮਲ ਹੋ ਕੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਸਿੱਖਿਆ ਮਾਡਲ ਸੂਬੇ ਵਿਚ ਬਣਾਇਆ ਹੈ, ਉਸ ਤੋਂ ਹੋਰ ਸੂਬੇ ਵੀ ਸੇਧ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਵੱਲੋਂ ਕਰਾਏ ਗਏ ਇਨ੍ਹਾਂ ਵਿਕਾਸ ਕਾਰਜਾਂ ਅਤੇ ਸੁਧਾਰਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਸੰਖਿਆ ਵਿਚ ਲੋਕ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਭਰਤੀ ਕਰਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਇਹ ਸੁਧਾਰ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਵਿਧਾਇਕ ਭੁੱਲਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਸ਼ਹਾਲ ਸਿੰਘ ਵਾਲਾ ਵਿਖੇ 40 ਬੱਚਿਆਂ ਨੂੰ ਸਵੈ ਰੋਜ਼ਗਾਰ ਲਈ ਵੋਕੇਸ਼ਨਲ ਸਕੀਮ ਐੱਨਐੱਸ ਕਿਊਐੱਫ ਤਹਿਤ ਰੋਜ਼ਗਾਰ ਕਿੱਟਾਂ ਦਿੱਤੀਆਂ ਗਈਆਂ। ਸਰਕਾਰੀ ਹਾਈ ਸਕੂਲ ਦੁਲਚੀ ਕੇ ਦੇ 20 ਤੋਂ ਜ਼ਿਆਦਾ ਹੋਣਹਾਰ ਬੱਚਿਆਂ ਨੂੰ ਸਟੇਸ਼ਨਰੀ ਵੀ ਵੰਡੀ ਗਈ। ਇਸ ਦੇ ਨਾਲ ਦੋਵਾਂ ਸਕੂਲਾਂ ਵਿਚ ਡਿਜੀਟਲ ਕ੍ਰਾਂਤੀ ਤਹਿਤ ਆਧੁਨਿਕ ਇੰਨਟਰੈਕਟਿਵ ਪੈਨਲ ਅਤੇ ਅਧੁਨਿਕ ਲੈਬਾਂ ਦਾ ਉਦਘਾਟਨ ਕਰਕੇ ਲੋਕ ਅਰਪਣ ਕੀਤਾ ਗਿਆ। ਡਾ.ਸਤਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਪਿੰਡ ਵਾਸੀਆਂ ਨੂੰ ਦਾਖਲਾ ਮੁਹਿੰਮ ਤਹਿਤ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ। ਇਸ ਮੌਕੇ ਵਿਕਾਸ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ, ਹਿਮਾਂਸ਼ੂ ਠੱਕਰ, ਦਿਲਬਾਗ ਸਿੰਘ ਨੰਢਾ ਚੇਅਰਮੈਨ ਬਲਾਕ ਸੰਮਤੀ, ਪ੍ਰਗਟ ਸਿੰਘ, ਰਾਜ ਬਹਾਦਰ ਸਿੰਘ ਗਿੱਲ, ਨੇਕ ਪ੍ਰਤਾਪ ਸਿੰਘ, ਚੇਅਰਮੈਨ ਬਲਾਕ ਸੰਮਤੀ ਫਿਰੋਜ਼ਪੁਰ ਮੈਂਬਰ ਸੁਖਚੈਨ ਸਿੰਘ ਖਾਈ, ਅਵਤਾਰ ਸਿੰਘ ਸਾਬਕਾ ਸਰਪੰਚ ਦੁਲਚੀ ਕੇ, ਤਰਸੇਮ ਸਿੰਘ ਸਰਪੰਚ ਰੱਖੜੀ, ਬਲਕਾਰ ਸਿੰਘ ਟੁਰਨਾ, ਗੁਰਪ੍ਰੀਤ ਸਿੰਘ ਰੱਖੜੀ, ਅਨਕੁਲ ਪੰਛੀ ਬਲਾਕ ਨੋਡਲ ਅਫ਼ਸਰ, ਪ੍ਰਿੰਸੀਪਲ ਨੀਲਮ ਧਵਨ, ਰਮਿੰਦਰ ਕੌਰ ਮੁੱਖ ਅਧਿਆਪਕਾ ਦੁਲਚੀ ਕੇ, ਮਰਿਦੁਲਾ ਸੇਠੀ ਸਕੂਲ ਇੰਚਾਰਜ਼, ਦਿਨੇਸ਼ ਖੁਰਾਣਾ ਵੱਖ-ਵੱਖ ਸਕੂਲਾਂ ਦੇ ਅਧਿਆਪਕ ਮਾਪੇ ਅਤੇ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਆਗੂ ਵੀ ਹਾਜ਼ਰ ਸਨ।