ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ : ਨਰੇਸ਼ ਕਟਾਰੀਆ
ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਵਚਨਬੱਧ : ਨਰੇਸ਼ ਕਟਾਰੀਆ
Publish Date: Fri, 23 Jan 2026 05:59 PM (IST)
Updated Date: Fri, 23 Jan 2026 06:00 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਲਕਾ ਜ਼ੀਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਦੀ ਅਗਵਾਈ ਹੇਠ 76 ਲਾਭਪਾਤਰੀਆਂ ਨੂੰ ਪੱਕੇ ਘਰ ਬਣਾਉਣ ਲਈ ਸੈਕਸ਼ਨ ਲੈਟਰ (ਐਲਓਆਈ) ਜਾਰੀ ਕੀਤੇ ਗਏ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ 86 ਲਾਭਪਾਤਰੀਆਂ ਵਾਸਤੇ ਕੱਚੇ ਘਰਾਂ ਨੂੰ ਪੱਕਾ ਕਰਨ ਜਾਂ ਨਵੇਂ ਮਕਾਨਾਂ ਦੀ ਉਸਾਰੀ ਕਰਨ ਲਈ ਸਰਕਾਰ ਵਲੋਂ ਪ੍ਰਵਾਨ ਕੀਤੇ ਲਾਭਪਾਤਰੀਆਂ ਚੋਂ 10 ਲਾਭਪਾਤਰੀਆਂ ਨੂੰ ਸੈਕਸ਼ਨ ਲੈਟਰ ਪਹਿਲਾਂ ਵੰਡੇ ਗਏ ਸਨ ਅਤੇ 76 ਲੈਟਰ ਅੱਜ ਜਾਰੀ ਕਰ ਦਿੱਤੇ ਗਏ ਹਨ। ਪੱਕੇ ਘਰਾਂ ਦੀ ਉਸਾਰੀ ਲਈ ਜਾਰੀ ਕੀਤੀ ਐਨਓਸੀ. ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੇ ਕਿਹਾ ਕਿ ਇਸ ਮਨਜ਼ੂਰੀ ਪੱਤਰ ਦਾ ਭਾਵ ਹੈ ਕਿ ਲਾਭਪਾਤਰੀ ਹੁਣ 45 ਦਿਨ ਦੇ ਅੰਦਰ-ਅੰਦਰ ਆਪਣੇ ਘਰਾਂ ਦੀ ਉਸਾਰੀ ਸ਼ੁਰੂ ਕਰ ਸਕਦੇ ਹਨ ਅਤੇ ਉਸਾਰੀ ਸ਼ੁਰੂ ਹੋਣ ਉਪਰੰਤ ਇਨ੍ਹਾਂ ਲਾਭਪਾਤਰੀਆਂ ਨੂੰ ਇਸ ਸਕੀਮ ਦੀ ਪਹਿਲੀ ਕਿਸ਼ਤ ਦੀ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ। ਵਿਧਾਇਕ ਕਟਾਰੀਆ ਨੇ ਲਾਭਪਾਤਰੀਆਂ ਨੂੰ ਇਹ ਵੀ ਦੱਸਿਆ ਕਿ ਮਕਾਨ ਦੀ ਉਸਾਰੀ ਦੇ ਲੈਵਲ ਅਨੁਸਾਰ ਅਗਲੀਆਂ ਕਿਸ਼ਤਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ। ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਨ ਕਟਾਰੀਆ ਨੇ ਕਿਹਾ ਕਿ ਜਲਦ ਹੀ ਲੋੜਵੰਦ ਬੇਘਰ ਲੋਕਾਂ ਦਾ ਸਰਵੇ ਕਰਕੇ ਸਰਕਾਰ ਪਾਸੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਤਹਿਤ ਪੱਕੇ ਮਕਾਨ ਦੀ ਉਸਾਰੀ ਲਈ ਹੋਰ ਸੈਕਸ਼ਨ ਲੈਟਰ ਜਾਰੀ ਕਰਵਾਏ ਜਾਣਗੇ। ਇਸ ਮੌਕੇ ਸੀਨਿਅਰ ਮੀਤ ਪ੍ਰਧਾਨ ਅਨਿਲ ਧਵਨ ਡੀ ਸੀ, ਕੌਂਸਲਰ ਹੀਰਾ ਸਿੰਘ, ਵੀਨੂੰ ਸ਼ਾਹ, ਗੁਰਪ੍ਰੀਤ ਸਿੰਘ ਗੋਪੀ, ਹੀਰਾ ਗਿੱਲ, ਜੁਗਿੰਦਰ ਸਿੰਘ ਥਿੰਦ, ਕੌਂਸਲਰ ਵਰਿੰਦਰ ਠੁਕਰਾਲ, ਮਨਜਿੰਦਰ ਸਿੰਘ ਮਿੰਟੂ, ਦਵਿੰਦਰ ਸਿੰਘ ਬੱਬੂ ਕੌਂਸਲਰ, ਨਗਰ ਪੰਚਾਇਤ ਦੇ ਕਰਮਚਾਰੀ ਰਾਜ ਕਮਲ, ਗੁਰਪ੍ਰੀਤ ਗੋਰਾ ਤੇ ਬਲਵਿੰਦਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ।