ਚਾਰ ਦਰਜਨ ਜਥੇਬੰਦੀਆਂ ਬਠਿੰਡਾ ’ਚ 6 ਨੂੰ ਕਰਨਗੀਆਂ ਮੁਜ਼ਾਹਰੇ : ਬਲਦੇਵ ਜ਼ੀਰਾ
ਜਿਉਂਦ ਪੁਲਿਸ ਵੱਲੋਂ ਢਾਹੇ ਜ਼ਬਰ ਖਿਲਾਫ ਜਨਤਕ ਲਲਕਾਰ
Publish Date: Sun, 01 Mar 2026 04:04 PM (IST)
Updated Date: Sun, 01 Mar 2026 04:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਕਿਹਾ ਕਿ ਪਿੰਡ ਜਿਉਂਦ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਇਕੱਠ ਉੱਤੇ 18 ਫਰਵਰੀ ਨੂੰ ਪੁਲਿਸ ਵੱਲੋਂ ਕੀਤੇ ਗਏ ਅੰਨ੍ਹੇ ਤਸ਼ੱਦਦ ਖਿਲਾਫ ਚਾਰ ਦਰਜਨ ਜਥੇਬੰਦੀਆਂ ਵੱਲੋਂ 6 ਮਾਰਚ ਨੂੰ ਡੀਸੀ ਦਫਤਰ ਬਠਿੰਡਾ ਅੱਗੇ ਇਕੱਠੇ ਹੋ ਕੇ ਸ਼ਹਿਰ ’ਚ ਸੂਬਾ ਪੱਧਰੀ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਪ੍ਰਧਾਨ ਨੇ ਕਿਹਾ ਕਿ ਪਿੰਡ ਜਿਉਂਦ ਦੀ ਸੱਥ ਚ ਸ਼ਾਂਤਮਈ ਇਕੱਠ ਨੂੰ ਪੁਲਿਸ ਵੱਲੋਂ ਘੇਰ ਕੇ ਅੱਥਰੂ ਗੈਸ ਦੇ ਗੋਲਿਆਂ, ਇੱਟਾਂ, ਰੋੜਿਆਂ ਤੇ ਡਾਂਗਾਂ ਨਾਲ ਹਮਲਾ ਕਰਕੇ ਇੱਕ ਕਿਸਾਨ ਚਰਨਜੀਤ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਤੇ ਅਪਾਹਜ ਕਰਨ ਦੇ ਇਰਾਦੇ ਨਾਲ ਸਿਰ ਤੇ ਸੱਟ ਮਾਰਨ ਤੇ ਲੱਤ ਚਕਨਾਚੂਰ ਕਰਨ ਤੋਂ ਇਲਾਵਾ ਇਕ ਹੋਰ ਨੌਜਵਾਨ ’ਤੇ ਹਮਲਾ ਕਰਕੇ ਹੱਥ ਦੋਫਾੜ ਕਰਨ ਵਾਲੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਐੱਸਐੱਸਪੀ ਜਯੋਤੀ ਯਾਦਵ ਸਮੇਤ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਗੁਰਪ੍ਰੀਤ ਸਿੰਘ, ਮਨੋਜ਼ ਕੁਮਾਰ, ਨਰਿੰਦਰ, ਅਮਰੀਕ ਸਿੰਘ, ਰਾਹੁਲ ਭਾਰਦਵਾਜ ਖਿਲਾਫ ਇਰਾਦਾ ਕਤਲ ਦਾ ਪਰਚਾ ਦਰਜ ਕੀਤਾ ਜਾਵੇ।ਜਥੇਬੰਦੀਆਂ ਨੇ ਇਸ ਮਾਮਲੇ ’ਚ ਪੰਜਾਬ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਕਰਾਰ ਦਿੰਦਿਆਂ ਜਨਤਕ ਮੁਆਫ਼ੀ ਮੰਗਣ ਦੀ ਮੰਗ ਅਤੇ ਐੱਸਐੱਸਪੀ ਜਿਯੋਤੀ ਯਾਦਵ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵੱਲੋਂ ਵਿਦੇਸ਼ੀ ਧਾੜਵੀਆਂ ਵਾਂਗ ਸਮੁੱਚੇ ਪਿੰਡ ਦੇ ਮਜ਼ਦੂਰਾਂ ਕਿਸਾਨਾਂ, ਔਰਤਾਂ, ਬੱਚਿਆਂ ਤੇ ਬਜ਼ੁਰਗਾਂ ਤੋਂ ਇਲਾਵਾ ਬੇਜ਼ੁਬਾਨ ਜਾਨਵਰਾਂ ਉੱਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ। ਸੂਬਾ ਪ੍ਰਧਾਨ ਨੇ ਇਸ ਹਮਲੇ ਨੂੰ ਸਮੁੱਚੀ ਕਿਸਾਨ ਤੇ ਲੋਕ ਲਹਿਰ ’ਤੇ ਹਮਲਾ ਕ਼ਰਾਰ ਦਿੰਦਿਆਂ ਇਸਦਾ ਸਾਂਝੇ ਸੰਘਰਸ਼ ਦੇ ਜ਼ੋਰ ਮੂੰਹ ਤੋੜ ਜਵਾਬ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪੰਜਾਬ ਦੇ ਸਮੂਹ ਸੰਘਰਸ਼ਸ਼ੀਲ, ਇਨਸਾਫ ਪਸੰਦ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਪੁਲਿਸ ਜ਼ਬਰ ਖਿਲਾਫ 6 ਮਾਰਚ ਨੂੰ ਬਠਿੰਡਾ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ।