ਫਿਰੋਜ਼ਪੁਰ ਸਰਕਲ ’ਚ ਬਿਜਲੀ ਵਿਭਾਗ ਨੇ 1709 ਕੁਨੈਕਸ਼ਨ ਕੱਟੇ
ਬਿਜਲੀ ਬਿੱਲ ਨਾ ਭਰਨ ਵਾਲਿਆਂ ਖ਼ਿਲਾਫ਼ ਪੀਐੱਸਪੀਸੀਐੱਲ ਸਖ਼ਤ
Publish Date: Mon, 16 Mar 2026 03:15 PM (IST)
Updated Date: Mon, 16 Mar 2026 03:19 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਕਾਇਆ ਰਾਸ਼ੀ ਦੀ ਵਸੂਲੀ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਫਿਰੋਜ਼ਪੁਰ ਸਰਕਲ ਵਿਚ ਵੱਡੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੁੱਖ ਇੰਜੀਨੀਅਰ ਵੰਡ ਹਲਕਾ ਫਿਰੋਜ਼ਪੁਰ, ਇੰਜੀਨੀਅਰ ਧਰਮਪਾਲ ਨੇ ਦੱਸਿਆ ਕਿ ਵਿਭਾਗ ਵੱਲੋਂ ਡਿਫਾਲਟਰਾਂ ਵਿਰੁੱਧ ਸ਼ੁਰੂ ਕੀਤੀ ਗਈ ਸਖ਼ਤੀ ਕਾਰਨ ਹੁਣ ਤੱਕ ਕਰੋੜਾਂ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਇੰਜੀਨੀਅਰ ਧਰਮਪਾਲ ਨੇ ਦੱਸਿਆ ਕਿ ਫਿਰੋਜ਼ਪੁਰ ਸਰਕਲ ਅਧੀਨ ਆਉਂਦੇ ਚਾਰ ਪ੍ਰਮੁੱਖ ਮੰਡਲਾਂ ਵਿਚ ਵਿਭਾਗੀ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਅਤੇ ਵਸੂਲੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵੰਡ ਮੰਡਲ ਸ਼ਹਿਰੀ ਫਿਰੋਜ਼ਪੁਰ, ਵੰਡ ਮੰਡਲ ਸਬ ਅਰਬਨ ਫਿਰੋਜ਼ਪੁਰ, ਵੰਡ ਮੰਡਲ ਜ਼ੀਰਾ ਅਤੇ ਵੰਡ ਮੰਡਲ ਜਲਾਲਾਬਾਦ ਇਨ੍ਹਾਂ ਖੇਤਰਾਂ ਵਿਚ ਕੁੱਲ 5,552 ਖਪਤਕਾਰਾਂ ਤੋਂ ਲਗਭਗ 13.50 ਕਰੋੜ ਰੁਪਏ ਦੀ ਬਕਾਇਆ ਰਕਮ ਰਿਕਵਰ ਕੀਤੀ ਗਈ ਹੈ। ਜਿਨ੍ਹਾਂ ਖਪਤਕਾਰਾਂ ਨੇ ਵਾਰ-ਵਾਰ ਚਿਤਾਵਨੀ ਦੇਣ ਦੇ ਬਾਵਜੂਦ ਬਿੱਲ ਨਹੀਂ ਭਰੇ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ 1,709 ਬਿਜਲੀ ਕੁਨੈਕਸ਼ਨ ਮੌਕੇ ’ਤੇ ਹੀ ਕੱਟ ਦਿੱਤੇ ਗਏ ਹਨ। ਉਪ ਮੁੱਖ ਇੰਜੀਨੀਅਰ ਨੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੱਲ ਵੀ ਅਜੇ ਬਕਾਇਆ ਰਕਮ ਖੜ੍ਹੀ ਹੈ, ਉਹ ਬਿਨ੍ਹਾ ਕਿਸੇ ਦੇਰੀ ਦੇ ਪੀਐੱਸਪੀਸੀਐੱਲ ਦੇ ਦਫ਼ਤਰਾਂ ਵਿਚ ਆਪਣੇ ਬਿੱਲ ਜਮ੍ਹਾ ਕਰਵਾਉਣ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਕਾਇਆ ਰਾਸ਼ੀ ਤੁਰੰਤ ਜਮ੍ਹਾ ਨਾ ਕਰਵਾਈ ਗਈ ਤਾਂ ਵਿਭਾਗ ਵੱਲੋਂ ਬਿਨਾਂ ਕਿਸੇ ਹੋਰ ਨੋਟਿਸ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਵਿਭਾਗ ਨੇ ਆਪਣੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਰਿਕਵਰੀ ਪ੍ਰਕਿਰਿਆ ਵਿਚ ਕੋਈ ਢਿੱਲ ਨਾ ਵਰਤੀ ਜਾਵੇ। ਆਉਣ ਵਾਲੇ ਦਿਨਾਂ ਵਿੱਚ ਇਸ ਮੁਹਿੰਮ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਖ਼ਜ਼ਾਨੇ ਦੀ ਬਕਾਇਆ ਰਾਸ਼ੀ ਨੂੰ ਮੁਕੰਮਲ ਤੌਰ ’ਤੇ ਵਸੂਲਿਆ ਜਾ ਸਕੇ।