ਨਗਰ ਕੌਂਸਲ ਦੇ ਗੇਟ ਨੂੰ ਜੜਿਆ ਤਾਲਾ ਲਗਾਇਆ ਧਰਨਾ
ਨਗਰ ਕੌਂਸਲ ਦੇ ਗੇਟ ਨੂੰ ਜੜਿਆ ਤਾਲਾ ਲਗਾਇਆ ਧਰਨਾ
Publish Date: Mon, 09 Feb 2026 04:10 PM (IST)
Updated Date: Mon, 09 Feb 2026 04:11 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਰੇਲਵੇ ਬਸਤੀ ਵਿਚ ਲੰਮੇ ਸਮੇਂ ਤੋਂ ਗਲੀਆਂ ਵਿਚ ਖੜੇ ਗੰਦੇ ਪਾਣੀ ਦੀ ਗੰਭੀਰ ਸਮੱਸਿਆ ਨੂੰ ਲੈ ਕੇ ਸਥਾਨਕ ਨਿਵਾਸੀਆਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ। ਇਸ ਸਮੱਸਿਆ ਤੋਂ ਤੰਗ ਆ ਕੇ ਰੇਲਵੇ ਬਸਤੀ ਦੇ ਵਸਨੀਕਾਂ ਨੇ ਭਾਜਪਾ ਆਗੂ ਦੀਪਕ ਸ਼ਰਮਾ ਦੀ ਅਗਵਾਈ ਵਿੱਚ ਨਗਰ ਕੌਂਸਲ ਦੇ ਮੇਨ ਗੇਟ ਨੂੰ ਤਾਲਾ ਜੜ ਦਿੱਤਾ ਅਤੇ ਦਫ਼ਤਰ ਦੇ ਬਾਹਰ ਧਰਨਾ ਲਗਾ ਦਿੱਤਾ। ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਕਈ ਵਾਰ ਨਗਰ ਕੌਂਸਲ ਨੂੰ ਸਮੱਸਿਆ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਗਲੀਆਂ ਵਿੱਚ ਗੰਦਾ ਪਾਣੀ ਖੜਾ ਰਹਿਣ ਕਾਰਨ ਬਦਬੂ ਫੈਲ ਰਹੀ ਹੈ ਅਤੇ ਮੱਛਰਾਂ ਦੀ ਭਰਮਾਰ ਕਾਰਨ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਬੱਚੇ, ਬਜ਼ੁਰਗ ਅਤੇ ਔਰਤਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਅਤੇ ਰੋਜ਼ਾਨਾ ਆਵਾਜਾਈ ਵੀ ਮੁਸ਼ਕਲ ਹੋ ਗਈ ਹੈ। ਇਸ ਮੌਕੇ ਬਸਤੀ ਨਿਵਾਸੀ ਜੋਗਾ ਸਿੰਘ ਨੇ ਕਿਹਾ ਕਿ ਗਲੀਆਂ ਵਿੱਚ ਗੰਦਾ ਪਾਣੀ ਖੜਾ ਹੋਣ ਕਰਕੇ ਬੱਚਿਆਂ ਨੂੰ ਸਕੂਲ ਜਾਣ ਆਣ ਦੀ ਭਾਰੀ ਦਿੱਕਤ ਹੋਣ ਦੇ ਨਾਲ ਨਾਲ ਕੰਮਕਾਰ ਤੇ ਜਾਣ ਆਣ ਵਾਲਿਆਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ । ਜੋਗਾ ਸਿੰਘ ਨੇ ਕਿਹਾ ਕਿ ਗਲੀਆਂ ਵਿੱਚ ਲੱਗੇ ਗੰਦੇ ਪਾਣੀ ਚ ਛੱਪੜ ਕਾਰਨ ਬਸਤੀ ਨਿਵਾਸੀਆਂ ਦੇ ਰਿਸ਼ਤੇਦਾਰ ਤੱਕ ਮਿਲਣ ਆਉਣ ਤੋਂ ਕੰਨੀ ਕਤਰਾਉਂਦੇ ਹਨ। ਇਸ ਮੌਕੇ ਭਾਜਪਾ ਆਗੂ ਦੀਪਕ ਸ਼ਰਮਾ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਵਿੱਚ ਕੋਤਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਲੋਕਤੰਤਰ ਦੇ ਖਿਲਾਫ਼ ਹੈ।ਧਰਨੇ ਦੌਰਾਨ ਰਲਵੇ ਬਸਤੀ ਨਿਵਾਸੀਆਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਅਤੇ ਤੁਰੰਤ ਨਿਕਾਸੀ ਪ੍ਰਣਾਲੀ ਨੂੰ ਠੀਕ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜਦ ਤੱਕ ਸਮੱਸਿਆ ਦਾ ਪੱਕਾ ਹੱਲ ਨਹੀਂ ਕੀਤਾ ਜਾਂਦਾ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ। ਧਰਨਾਕਾਰੀਆਂ ਦੇ ਰੋਸ ਨੂੰ ਵੇਖਦੇ ਹੋਏ ਨਗਰ ਕੌਂਸਲ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦਾ ਜਲਦ ਹੱਲ ਕਰਨ ਦਾ ਵਿਸ਼ਵਾਸ ਦੇ ਕੇ ਧਰਨੇ ਨੂੰ ਸਮਾਪਤ ਕਰਵਾਇਆ ਗਿਆ।