ਰੇਲ ਯਾਤਰੀਆਂ ਨੂੰ ਡਿਜੀਟਲ ਸੇਵਾਵਾਂ ਨਾਲ ਜੋੜਨ ਲਈ ਜਾਗਰੂਕਤਾ ਮੁਹਿੰਮ ਸ਼ੁਰੂ
ਫਿਰੋਜ਼ਪੁਰ ਮੰਡਲ ਦੀਆਂ ਪ੍ਰਾਇਮਰੀ ਰੇਲਗੱਡੀਆਂ ਵਿਚ ‘ਰੇਲਵਨ ਐਪ’ ਦੇ ਸਟਿੱਕਰ ਲਗਾ ਕੇ ਪ੍ਰਚਾਰ ਮੁਹਿੰਮ ਤੇਜ਼
Publish Date: Mon, 16 Mar 2026 03:23 PM (IST)
Updated Date: Mon, 16 Mar 2026 03:25 PM (IST)

ਫੋਟੋ ਫਾਈਲ: 16 ਐੱਫਜੈੱਡਆਰ 04 ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਉੱਤਰ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੇ ਰੇਲ ਯਾਤਰੀਆਂ ਨੂੰ ਡਿਜੀਟਲ ਸੇਵਾਵਾਂ ਨਾਲ ਜੋੜਨ ਲਈ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲ ਦੇ ਤਹਿਤ ਮੰਡਲ ਦੇ ਅਧੀਨ ਚੱਲਣ ਵਾਲੀਆਂ ਸਾਰੀਆਂ ਪ੍ਰਾਇਮਰੀ ਰੇਲਗੱਡੀਆਂ ਵਿਚ ‘ਰੇਲਵਨ ਐਪ’ ਦੇ ਸਟਿੱਕਰ ਲਗਾਏ ਜਾ ਰਹੇ ਹਨ, ਤਾਂ ਜੋ ਯਾਤਰਾ ਦੌਰਾਨ ਹੀ ਯਾਤਰੀਆਂ ਨੂੰ ਇਸ ਸਹੂਲਤ ਬਾਰੇ ਜਾਣਕਾਰੀ ਮਿਲ ਸਕੇ। ਮੁਹਿੰਮ ਦੇ ਅੰਤਰਗਤ ਟਰੇਨ ਸਟਾਫ ਵੱਲੋਂ ਵੀ ਯਾਤਰੀਆਂ ਨੂੰ ‘ਰੇਲਵਨ ਐਪ’ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਮਾਧਿਅਮ ਰਾਹੀਂ ਯਾਤਰੀ ਆਪਣੇ ਸਮਾਰਟਫੋਨ ’ਤੇ ਹੀ ਟਿਕਟ ਬੁਕਿੰਗ, ਅਣ-ਰਿਜ਼ਰਵਡ ਟਿਕਟ, ਡਿਜੀਟਲ ਭੁਗਤਾਨ ਸਮੇਤ ਕਈ ਹੋਰ ਰੇਲਵੇ ਸੇਵਾਵਾਂ ਦਾ ਲਾਭ ਆਸਾਨੀ ਨਾਲ ਲੈ ਸਕਦੇ ਹਨ। ‘ਰੇਲਵਨ ਐਪ’ ਰਾਹੀਂ ਟਿਕਟ ਲੈਣ ’ਤੇ ਯਾਤਰੀਆਂ ਨੂੰ 3 ਫੀਸਦੀ ਤੱਕ ਦਾ ਬੋਨਸ ਵੀ ਦਿੱਤਾ ਜਾਂਦਾ ਹੈ, ਜਿਸ ਕਾਰਨ ਯਾਤਰੀਆਂ ਵਿਚ ਡਿਜੀਟਲ ਟਿਕਟਿੰਗ ਪ੍ਰਤੀ ਉਤਸ਼ਾਹ ਵੱਧ ਰਿਹਾ ਹੈ। ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਗੱਡੀਆਂ ’ਤੇ ਲਗਾਏ ਗਏ ‘ਰੇਲਵਨ ਐਪ’ ਦੇ ਸਟਿੱਕਰਾਂ ਰਾਹੀਂ ਰੇਲ ਯਾਤਰੀਆਂ ਨੂੰ ਡਿਜੀਟਲ ਟਿਕਟਿੰਗ ਅਤੇ ਆਨਲਾਈਨ ਸੇਵਾਵਾਂ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ‘ਰੇਲਵਨ ਐਪ’ ਦੀ ਵਧਦੀ ਲੋਕਪ੍ਰਿਯਤਾ ਕਾਰਨ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਫਿਰੋਜ਼ਪੁਰ ਮੰਡਲ ਦੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਰੇਲ ਯਾਤਰੀ ਇਸ ਡਿਜੀਟਲ ਪਲੇਟਫਾਰਮ ਨਾਲ ਜੁੜਨ ਅਤੇ ਡਿਜੀਟਲ ਸੇਵਾਵਾਂ ਦਾ ਲਾਭ ਸਰਲ, ਸੁਰੱਖਿਅਤ ਅਤੇ ਸੁਵਿਧਾਜਨਕ ਤਰੀਕੇ ਨਾਲ ਉਠਾਉਣ।