ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਯੂਥ ਕਾਂਗਰਸ ਚੋਣਾ : ਆਜ਼ਾਦ
ਯੂਥ ਕਾਂਗਰਸ ਦੀ ਚੋਣ ਸਬੰਧੀ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਆਬਜ਼ਰਵਰ ਆਜ਼ਾਦ ਬਹਾਦਰ ਸਿੰਘ ਦੀ ਅਗਵਾਈ ਵਿਚ ਕੀਤੀ ਪ੍ਰੈਸ ਕਾਨਫਰੰਸ
Publish Date: Mon, 19 Jan 2026 03:29 PM (IST)
Updated Date: Mon, 19 Jan 2026 03:30 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਾਂਗਰਸ ਵੱਲੋਂ ਨਿਯੁਕਤ ਆਬਜ਼ਰਵਰ ਆਜ਼ਾਦ ਬਹਾਦਰ ਸਿੰਘ ਦੀ ਯੋਗ ਅਗਵਾਈ ਹੇਠ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਸਬੰਧੀ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਦੇ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ, ਹਲਕਾ ਇੰਚਾਰਜ਼ ਆਸ਼ੂ ਬੰਗੜ ਨੇ ਦੱਸਿਆ ਕਿ ਇਹ ਪ੍ਰੈਸ ਕਾਨਫਰੰਸ ਪੰਜਾਬ ਭਰ ’ਚ ਚੱਲ ਰਹੀ ਯੂਥ ਕਾਂਗਰਸ ਚੋਣ ਪ੍ਰਕਿਰਿਆ ਸਬੰਧੀ ਕੀਤੀ ਗਈ ਸੀ, ਜਿਸ ਦਾ ਮੁੱਖ ਉਦੇਸ਼ ਪਾਰਟੀ ਵਰਕਰਾਂ ਅਤੇ ਸੰਭਾਵੀ ਉਮੀਦਵਾਰਾਂ ਨੂੰ ਪੂਰੀ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਬਜ਼ਰਵਰ ਆਜ਼ਾਦ ਬਹਾਦਰ ਸਿੰਘ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਸੁਪਨਾ ਹੈ ਕਿ ਕਾਂਗਰਸ ਸੰਗਠਨ ਅੰਦਰ ਸਾਫ਼-ਸੁਥਰੇ ਕਿਰਦਾਰ, ਈਮਾਨਦਾਰੀ ਅਤੇ ਲੋਕਤੰਤਰੀ ਢੰਗ ਨਾਲ ਚੁਣੀ ਗਈ ਲੀਡਰਸ਼ਿਪ ਵਾਲੇ ਲੋਕ ਹੋਣ। ਇਸ ਦ੍ਰਿਸ਼ਟੀਕੋਣ ਨੂੰ ਧਿਆਨ ’ਚ ਰੱਖਦੇ ਹੋਏ, ਪੰਜਾਬ ਭਰ ’ਚ ਯੂਥ ਕਾਂਗਰਸ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਜਿਸ ਦਾ ਰਸਮੀ ਐਲਾਨ ਪਾਰਟੀ ਹਾਈਕਮਾਨ ਵੱਲੋਂ 15 ਜਨਵਰੀ ਨੂੰ ਸੂਬਾ ਦਫ਼ਤਰ ਵਿਖੇ ਕੀਤਾ ਗਿਆ ਸੀ। ਇਸੇ ਦੀ ਨਿਰੰਤਰਤਾ ’ਚ ਉਹ ਅੱਜ ਕਾਂਗਰਸ ਭਵਨ ਫਿਰੋਜ਼ਪੁਰ ਛਾਉਣੀ ਪਹੁੰਚੇ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਦੀਆਂ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ। ਯੂਥ ਕਾਂਗਰਸ ’ਚ ਕਿਸੇ ਵੀ ਅਹੁਦੇ ਲਈ ਦਿਲਚਸਪੀ ਰੱਖਣ ਵਾਲੇ ਉਮੀਦਵਾਰਾਂ ਨੂੰ ਸਾਰੇ ਲੋੜੀਂਦੇ ਦਸਤਾਵੇਜ਼ ਇਕੋ ਆਨਲਾਈਨ ਪੋਰਟਲ ਰਾਹੀਂ ਜਮ੍ਹਾ ਕਰਾਉਣੇ ਪੈਣਗੇ। 18 ਤੋਂ 35 ਸਾਲ ਦੀ ਉਮਰ ਦਾ ਕੋਈ ਵੀ ਯੋਗ ਵਿਅਕਤੀ ਹਿੱਸਾ ਲੈ ਸਕਦਾ ਹੈ। ਉਮੀਦਵਾਰਾਂ ਦੇ ਨਾਂ 28 ਜਨਵਰੀ ਤੱਕ ਪੋਰਟਲ ’ਤੇ ਪ੍ਰਦਰਸ਼ਿਤ ਕੀਤੇ ਜਾਣਗੇ, ਜਿਸ ਤੋਂ ਬਾਅਦ ਚੋਣ ਪ੍ਰਕਿਰਿਆ ਅਤੇ ਮੈਂਬਰਸ਼ਿਪ ਪ੍ਰਕਿਰਿਆ ਇੱਕੋ ਸਮੇਂ ਸ਼ੁਰੂ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਸ ਉਮੀਦਵਾਰ ਨੂੰ ਵੱਧ ਤੋਂ ਵੱਧ ਮੈਂਬਰਾਂ ਦੀ ਸਹਿਮਤੀ ਅਤੇ ਸਮਰਥਨ ਪ੍ਰਾਪਤ ਹੋਵੇਗਾ, ਉਹ ਸਬੰਧਤ ਅਹੁਦੇ ਲਈ ਚੁਣਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਗਸੀਰ ਸਿੰਘ ਖੋਸਾ ਸਾਬਕਾ ਚੇਅਰਮੈਨ ਮੰਡੀ ਬੋਰਡ, ਜ਼ਿਲ੍ਹਾ ਮੀਤ ਪ੍ਰਧਾਨ ਰਵਿੰਦਰ ਸਿੰਘ ਤੂਤ, ਯੂਥ ਆਗੂ ਤੇਜਬੀਰ ਸਿੰਘ, ਬਲਾਕ ਪ੍ਰਧਾਨ ਗੁਰਬਚਨ ਸਿੰਘ ਕਾਲਾ ਟਿੱਬਾ, ਸੁਖਵਿੰਦਰ ਸਿੰਘ ਸ਼ੀਸ਼ਾ ਸੰਧੂ ਜ਼ਿਲ੍ਹਾ ਜਰਨਲ ਸਕੱਤਰ, ਕਰਨਵੀਰ ਸਿੰਘ ਬਰਾੜ ਯੂਥ ਪ੍ਰਧਾਨ ਫਿਰੋਜ਼ਪੁਰ ਦਿਹਾਤੀ, ਮਨਪ੍ਰੀਤ ਸਿੰਘ ਔਲਖ, ਸਾਬਕਾ ਸਰਪੰਚ ਦਵਿੰਦਰ ਸਿੰਘ ਸੰਧੂ, ਲਵ ਪ੍ਰੀਤ ਸਿੰਘ ਗਿੱਲ, ਰਾਕੇਸ਼ ਕੁਮਾਰ, ਰੁਪਿੰਦਰ ਸਿੰਘ, ਯੂਥ ਆਗੂ ਗਗਨ ਗਾਮੇ ਵਾਲਾ, ਪੀਏ ਤਰਨ ਬੁੱਟਰ ਤੋਂ ਇਲਾਵਾ ਨਿੱਜੀ ਸਕੱਤਰ ਕਮਲ ਗਿੱਲ ਸੋਨੂੰ ਵੀ ਹਾਜ਼ਰ ਸਨ।