ਡੀਸੀ ਦਫ਼ਤਰ ਫਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਪੁਤਲਾ ਫੂਕ ਕੇ ਪ੍ਰਗਟਾਇਆ ਰੋਸ
ਪ੍ਰੈੱਸ ਕਲੱਬ ਫਿਰੋਜਪੁਰ ਦਿਹਾਤੀ ਵੱਲੋਂ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਪੁਤਲਾ ਫੂਕ ਕੇ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ ਗਿਆ
Publish Date: Sun, 04 Jan 2026 03:52 PM (IST)
Updated Date: Sun, 04 Jan 2026 03:53 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਪਿਛਲੇ ਦਿਨੀਂ ਪੱਤਰਕਾਰ ਮਨਦੀਪ ਸਿੰਘ ਮੱਕੜ, ਮਨਿੰਦਰ ਸਿੰਘ ਸਿੱਧੂ, ਮਿੰਟੂ ਗੁਰੂਸਰੀਆ, ਮਾਨਕ ਗੋਇਲ ਆਰਟੀਆਈ ਕਾਰਕੂਨਾਂ ਸਮੇਤ ਜੋ ਲੁਧਿਆਣਾ ਸ਼ਹਿਰੀ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਕੇਸ ਦਰਜ ਕੀਤਾ ਗਿਆ ਸੀ, ਇਸ ਨੂੰ ਲੈ ਕੇ ਪ੍ਰੈੱਸ ਕਲੱਬ ਫਿਰੋਜਪੁਰ ਦਿਹਾਤੀ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਥਿੰਦ ਵੱਲੋਂ ਪੱਤਰਕਾਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਪ੍ਰੈਸ ਕਲੱਬ ਮਮਦੋਟ, ਦੀ ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ, ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ, ਮਖੂ ਪ੍ਰੈਸ ਐਸੋਸੀਏਸ਼ਨ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਆਦਿ ਜਥੇਬੰਦੀਆਂ ਨੇ ਸਾਂਝੇ ਤੌਰ ’ਤੇ ਰੋਸ ਮੁਜਾਹਰਾ ਕੀਤਾ। ਇਸ ਮੌਕੇ ਪ੍ਰੈਸ ਕਲੱਬ ਫਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਜਸਵੰਤ ਸਿੰਘ ਥਿੰਦ ਨੇ ਕਿਹਾ ਕਿ ਪੱਤਰਕਾਰਾਂ ਤੇ ਕੀਤੇ ਗਏ ਪਰਚੇ ਪ੍ਰੈਸ ਦੀ ਆਜ਼ਾਦੀ ਅਤੇ ਬੋਲਣ ਦੀ ਆਜ਼ਾਦੀ ਉੱਪਰ ਸਿੱਧਾ ਹਮਲਾ ਹੈ। ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਜਦੋਂ ਤੱਕ ਉਪਰੋਕਤ ਪੱਤਰਕਾਰਾਂ ਤੇ ਦਰਜ ਕੀਤੇ ਕੇਸ ਵਾਪਸ ਨਹੀਂ ਲਏ ਜਾਂਦੇ, ਤਦ ਤੱਕ ਸੰਘਰਸ਼ ਜਾਰੀ ਰਹੇਗਾ। ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਗੁਰਨਾਮ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੱਤਰਕਾਰਾਂ ਖਿਲਾਫ ਕੀਤੀ ਜਾ ਰਹੀ ਇਹ ਧੱਕੇਸ਼ਾਹੀ ਸ਼ਰੇਆਮ ਧੱਕਾ ਹੈ। ਮੁੱਖ ਮੰਤਰੀ ਭਗਵੰਤ ਮਾਨ ਪੱਤਰਕਾਰਾਂ ਦੇ ਸਵਾਲਾਂ ਤੋਂ ਹਮੇਸ਼ਾਂ ਭੱਜਦੇ ਨਜਰ ਆਉਂਦੇ ਹਨ, ਜੋ ਕਿ ਬਹੁਤ ਗਲਤ ਹੈ। ਦੀ ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਅਸ਼ੋਕ ਭਾਰਦਵਾਜ ਨੇ ਕਿਹਾ ਕਿ ਪੱਤਰਕਾਰਾਂ ਖਿਲਾਫ ਕੀਤੇ ਗਏ ਪਰਚੇ ਜਲਦੀ ਰੱਦ ਕੀਤੇ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਖਿਲਾਫ ਪੱਤਰਕਾਰਾਂ ਦਾ ਰੋਹ ਭੱਖੇਗਾ। ਇਸ ਮੌਕੇ ਪ੍ਰੈਸ ਕਲੱਬ ਮਮਦੋਟ ਦੇ ਪ੍ਰਧਾਨ ਤੇਜਿੰਦਰ ਢੀਂਗੜਾ, ਬਲਦੇਵ ਰਾਜ ਸ਼ਰਮਾ ਸਟੇਟ ਕਮੇਟੀ ਮੈਂਬਰ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ, ਜਸਬੀਰ ਸਿੰਘ ਕੰਬੋਜ਼ ਚੇਅਰਮੈਨ ਪ੍ਰੈੱਸ ਕਲੱਬ ਫਿਰੋਜ਼ਪੁਰ ਦਿਹਾਤੀ, ਗੁਰਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਵਾਇਸ ਪ੍ਰਧਾਨ ਪ੍ਰੈੱਸ ਕਲੱਬ ਫਿਰੋਜਪੁਰ ਦਿਹਾਤੀ, ਬਲਜੀਤ ਸਿੰਘ ਕਚੂਰਾ ਦੀ ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਤੋਂ ਪ੍ਰਧਾਨ ਅਸ਼ੋਕ ਭਾਰਦਵਾਜ, ਪਰੇਸ਼ ਕੁਮਾਰ ਡਿੰਪੀ, ਰਾਜ ਕੁਮਾਰ, ਸੁਭਾਸ਼ ਆਨੰਦ, ਅਰੁਣ ਮਹਿਰਾ, ਮਖੂ ਪ੍ਰੈੱਸ ਐਸੋਸੀਏਸ਼ਨ ਦੇ ਪ੍ਰਧਾਨ ਬਲਵੀਰ ਸਿੰਘ ਲਹਿਰਾ, ਰੂਪ ਲਾਲ ਭੱਟੀ, ਸ਼ੁਬੇਗ ਸਿੰਘ, ਪਰਮਜੀਤ ਸਿੰਘ ਧੰਜੂ ਆਦਿ ਹਾਜਰ ਸਨ।