ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਵਿਖੇ ਵਰਕਸ਼ਾਪ ਲਗਾਈ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਭੌਤਿਕ ਵਿਭਾਗ ਵੱਲੋਂ ਐਕਸ-ਪੀ-ਆਈਜ਼ 17 ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ
Publish Date: Sat, 11 Apr 2026 04:46 PM (IST)
Updated Date: Sat, 11 Apr 2026 04:50 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਭੌਤਿਕ ਵਿਭਾਗ ਵੱਲੋਂ ‘ਕੰਪਿਊਟਰ ਇੰਟਰਫੇਜ਼ਡ ਐਕਸਪੈਰੀਮੈਂਟਸ ਯੂਜ਼ਿੰਗ ਐਕਸ-ਪੀ-ਆਈਜ਼ 17’ ਵਿਸ਼ੇ ’ਤੇ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਵਿਚ ਲਗਭਗ 60 ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਸ਼ੁਭਾਰੰਭ ਪ੍ਰਿੰਸੀਪਲ ਡਾ. ਸੰਗੀਤਾ ਸ਼ਰਮਾ ਵੱਲੋਂ ਮੁੱਖ ਮਹਿਮਾਨ ਅਤੇ ਰਿਸੋਰਸ ਪਰਸਨ ਦਾ ਸਵਾਗਤ ਫੁੱਲਕਾਰੀ, ਮੋਮੈਂਟੋ, ਪਲਾਂਟਰ ਦੇ ਕੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਦੇ ਵਿਗਿਆਨਕ ਯੁੱਗ ’ਚ ਕੇਵਲ ਸਿਧਾਂਤਕ ਗਿਆਨ ਹੀ ਕਾਫੀ ਨਹੀਂ ਹੈ, ਸਗੋਂ ਵਿਦਿਆਰਥੀਆਂ ਵਿਚ ਪ੍ਰਯੋਗਾਤਮਕ ਸੋਚ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਵਰਕਸ਼ਾਪ ਦੇ ਮੁੱਖ ਵਕਤਾ (ਰਿਸੋਰਸ ਪਰਸਨ) ਇੰਜੀਨੀਅਰ ਵੀਵੀਵੀ ਸਤਿਆਨਾਰਾਇਣਨ, ਇੰਟਰ ਯੂਨੀਵਰਸਿਟੀ ਐਕਸਲੇਰੇਟਰ ਸੈਂਟਰ ਨਵੀਂ ਦਿੱਲੀ ਤੋਂ ਪਹੁੰਚੇ ਸਨ। ਉਨ੍ਹਾਂ ਨੇ ਐਕਸ-ਪੀ-ਆਈਜ਼ 17 ਉਪਕਰਣ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਜ਼ਰੀਏ ਵੱਖ-ਵੱਖ ਵਿਗਿਆਨਕ ਪ੍ਰਯੋਗਾਂ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੈਂਡਜ਼-ਆਨ ਟਰੇਨਿੰਗ ਦਿੰਦਿਆਂ ਸਮਝਾਇਆ ਕਿ ਇਸ ਉਪਕਰਣ ਦੀ ਮੱਦਦ ਨਾਲ ਭੌਤਿਕ ਵਿਗਿਆਨ ਦੇ ਵੱਖ-ਵੱਖ ਸਿਧਾਂਤਾਂ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਿਆ ਜਾ ਸਕਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪੋਸਟ ਗ੍ਰੈਜੂਏਟ ਭੌਤਿਕ ਵਿਭਾਗ ਦੀ ਮੁਖੀ ਡਾ. ਆਸ਼ਾ ਅਰੋੜਾ ਅਤੇ ਸਮੂਹ ਸਟਾਫ ਦੇ ਯਤਨਾਂ ਦੀ ਸ਼ਲਾਘਾ ਕੀਤੀ।