- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘‘ਯੂ-ਟਿਊਬਰਾਂ ਦੀਆਂ ਰੀਲਾਂ’’ ਬਣਵਾਉਣ ਲਈ ਪੁਲਿਸ ਨੇ ਹੋਲੀ ਖੇਡਦੇ ਨੌਜਵਾਨਾਂ ਦੇ ਕੱਟੇ ਚਲਾਣ

ਫੋਟੋ ਫਾਈਲ; 05ਐਫਜੈਡਆਰ 20,21,23
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰੰਗਾਂ ਅਤੇ ਖੁਸ਼ੀਆਂ ਦੇ ਤਿਉਹਾਰ ਹੋਲੀ ਮੌਕੇ ਬੀਤੇ ਬੁੱਧਵਾਰ ਜਦੋਂ ਲੋਕ ਆਪਣੇ ਸੱਜਣਾ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਘਰ ਜਾ ਕੇ ਹੋਲੀ ਦੀਆਂ ਖੁ਼ਸ਼ੀਆਂ ਸਾਂਝੀਆਂ ਕਰ ਰਹੇ ਸਨ , ਉਸ ਮੌਕੇ ਹੁਲ੍ਹੜਬਾਜ਼ਾਂ ’ਤੇ ਸਖਤੀ ਕਰਨ ਦੇ ਨਾਂਅ ’ਤੇ ਥਾਣਾ ਸਿਟੀ ਪੁਲਿਸ ਨੇ ਆਮ ਲੋਕਾਂ ਦੀ ਹੋਲੀ ਵੀ ਬੇ-ਰੰਗ ਕਰ ਦਿੱਤੀ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਪੁਲਿਸ ਵੱਲੋਂ ਵਾਹਨਾਂ ਦੀ ਜਾਂਚ ਦੇ ਨਾਂ ’ਤੇ ਹੋਲੀ ਖੇਡਣ ਲਈ ਨਿਕਲੇ ਨੌਜਵਾਨਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਦੇ ਚਾਲਾਨ ਵੀ ਕੱਟੇ ਗਏ। ਇੰਨਾ ਹੀ ਨਹੀਂ ਕਈ ਨੌਜਵਾਨਾਂ ਨੂੰ ਥਾਣਾ ਸਿਟੀ ਲਿਜਾ ਕੇ ਜ਼ਲੀਲ ਕੀਤੇ ਜਾਣ ਦੀਆਂ ਵੀ ਖ਼ਬਰਾਂ ਹਨ। ਇਸ ਸਬੰਧੀ ਸਾਹਮਣੇ ਆਏ ਵੀਡਿਓ ਦੇ ਬਾਅਦ ਉਚ ਪੁਲਿਸ ਅਧਿਕਾਰੀਆਂ ਨੇ ਚੁੱਪ ਵੱਟੀ ਹੋਈ ਹੈ। ਜ਼ਿਕਰਯੋਗ ਹੈ ਕਿ ਹੋਲੀ ਵਾਲੇ ਦਿਨ ਜਿਥੇ ਜ਼ਿਲ੍ਹਾ ਪੁਲਿਸ ਦੇ ਕੁਝ ਅਧਿਕਾਰੀ ਹੁਲ੍ਹੜਬਾਜ਼ਾਂ ’ਤੇ ਸਖਤੀ ਕਰ ਰਹੇ ਸਨ ਤਾਂ ਥਾਣਾ ਸਿਟੀ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਨਾਕੇ ਲਗਾ ਕੇ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਸੀ। ਸਥਾਨਕ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਪੱਤਰਕਾਰਾਂ ਨੂੰ ਹੱਡਬੀਤੀ ਦੱਸਦਿਆਂ ਕੁੱਝ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ‘ਉਹ ਆਪਣੇ ਦੋਸਤਾਂ ਨਾਲ ਸਿਰਫ ਹੋਲੀ ਮਨਾਉਣ ਲਈ ਜਾ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਬੇਵਜ੍ਹਾ ਤੰਗ ਕੀਤਾ। ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਥਾਣੇ ਲਿਜਾ ਕੇ ਪੁੱਛਗਿੱਛ ਦੇ ਨਾਂ ’ਤੇ ਜ਼ਲੀਲ ਕਰਨ ਦੇ ਦੋਸ਼ ਵੀ ਲਗਾਏ ਹਨ । ਉਧਰ ਇਸ ਸਬੰਧੀ ਕੁੱਝ ਸਮਾਜ ਸੇਵੀਆਂ ਦਾ ਮੰਨਣਾ ਹੈ ਕਿ ਹੋਲੀ ਮੌਕੇ ਨਸ਼ੇ ਵਿੱਚ ਵਾਹਨ ਚਲਾਉਣ ਅਤੇ ਹੰਗਾਮੇ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਸਖਤੀ ਜ਼ਰੂਰੀ ਸੀ। ਪਰ ਕਨੂੰਨ ਲਾਗੂ ਕਰਦੇ ਸਮੇਂ ਪੁਲਿਸ ਨੂੰ ਆਮ ਲੋਕਾਂ ਨਾਲ ਨਰਮੀ ਅਤੇ ਸਮਝਦਾਰੀ ਨਾਲ ਪੇਸ਼ ਆਉਣਾ ਚਾਹੀਦਾ ਹੈ।
---
‘‘ਯੂ ਟਿਊਬਰਾਂ ਅਤੇ ਰੀਲਾਂ’’ ਬਣਾਉਣ ਵਾਲਿਆਂ ਨੂੰ ਵਿਖਾਉਣ ਲਈ ਪੁਲਿਸ ਨੇ ਕੀਤੀ ਸਖਤੀ
---ਇਕ ਪਾਸੇ ਪੁਲਿਸ ਵੱਲੋਂ ਹੁੱਲ੍ਹੜਬਾਜ਼ਾਂ ’ਤੇ ਸਖਤੀ ਕੀਤੀ ਜਾ ਰਹੀ ਸੀ ਤਾਂ ਦੂਜੇ ਪਾਸੇ ਕਈ ਥਾਵਾਂ ’ਤੇ ਸਖਤੀ ਦੇ ਨਾਂਅ ’ਤੇ ਪੁਲਿਸ ਵੱਲੋਂ ਬੇਵਜ੍ਹਾ ਲੋਕਾਂ ਨੂੰ ਤੰਗ ਕਰਨ ਦੇ ਵੀ ਦੋਸ਼ ਲੱਗੇ ਹਨ।
ਸੋਸ਼ਲ ਮੀਡੀਆ ’ਤੇ ਵੀ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਪੁਲਿਸ ਸਕੂਟਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕਰ ਰਹੀ ਹੈ,ਠੀਕ ਉਸੇ ਮੋਕੇ ਕੁਝ ਵਲੋਗਰ ਜਾਂ ਯੂ ਟਿਊਬਰ ਵੀਡਿੳ ਬਣਾ ਰਹੇ ਹਨ।ਇਸੇ ਤਰ੍ਹਾਂ ਥਾਣੇ ਅੰਦਰ ਕੁਝ ਨੌਜਵਾਨਾਂ ਤੋਂ ਕੰਨਾਂ ਨੂੰ ਹੱਥ ਲਵਾ ਕੇ ਬੈਠਕਾਂ ਲਵਾਏ ਜਾਣ ਦੀ ਵੀਡਿੳ ਵੀ ਵਾਇਰਲ ਹੋ ਰਹੀ ਹੈ। ਪੀੜਤ ਨੌਜਵਾਨਾਂ ਦਾ ਦੋਸ਼ ਹੈ ਕਿ ‘ਪੁਲਿਸ ਵੱਲੋਂ ਸੋਸ਼ਲ ਮੀਡੀਆ ਦੀਆਂ ਰੀਲਾਂ ਬਣਾਉਣ ਲਈ ਹੀ ਸਖਤੀ ਕੀਤੀ ਗਈ ਸੀ। ਇਸ ਕਾਰਨ ਕਈ ਲੋਕਾਂ ਦੀ ਹੋਲੀ ਦੀਆਂ ਖੁਸ਼ੀਆਂ ਫਿੱਕੀਆਂ ਪੈ ਗਈਆਂ।
---
ਹੁੱਲ੍ਹੜਬਾਜ਼ ਅਨੂੰ ਥਾਣੇ ਲਿਆ ਕੇ ਸਮਝਾਇਆ ਸੀ ; ਕਸ਼ਮੀਰ ਸਿੰਘ ,ਥਾਣਾ ਮੁਖੀ
--ਇਸ ਸਬੰਧੀ ਪੁੱਛੇ ਜਾਣ ’ਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਹੁੱਲੜਬਾਜ਼ੀ ਕਰਨ ਵਾਲੇ ਕੁਝ ਲੋਕਾਂ ਦੇ ਚਲਾਨ ਕੀਤੇ ਅਤੇ ਕੁੱਝ ਮੋਟਰਸਾਈਕਲ ਅਤੇ ਗੱਡੀਆਂ ਬੰਦ ਵੀ ਕੀਤੀਆਂ ਹਨ। ਉਨ੍ਹਾਂ ਆਖਿਆ ਕਿ ਕਿਸੇ ਨੂੰ ਜਲੀਲ ਜਾਂ ਤਸ਼ੱਦਦ ਨਹੀਂ ਕੀਤਾ ਸਗੋਂ ਕੁੱਝ ਨੌਜਵਾਨਾਂ ਨੂੰ ਥਾਣੇ ਲਿਆ ਕੇ ਸਮਝਾ ਕੇ ਛੱਡ ਦਿੱਤਾ ਗਿਆ ਸੀ ਕਿ ਲੋਕ ਆਪਣੇ ਪਰਿਵਾਰਾਂ ਨਾਲ ਹੋਲੀ ਮਣਾ ਰਹੇ ਹਨ ,ਇਸ ਲਈ ਉਹ ਤੇਜ਼ ਰਫਤਾਰੀ ਅਤੇ ਹੁਲ੍ਹੜਬਾਜ਼ੀ ਨਾ ਕਰਨ।