ਕੁਸ਼ਟ ਰੋਗ ਹੈ ਇਲਾਜਯੋਗ : ਡਾ. ਰਾਜੀਵ ਪਰਾਸ਼ਰ
ਕੋਹੜ ਰੋਗ ਤੋਂ ਬਚਾਓ ਸਬੰਧੀ ਕਰਵਾਇਆ ਸਹੁੰ ਚੱਕ ਸਮਾਗਮ
Publish Date: Fri, 30 Jan 2026 03:34 PM (IST)
Updated Date: Fri, 30 Jan 2026 03:37 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕੁਸ਼ਟ ਰੋਗ ਨਿਵਾਰਨ ਮੁਹਿੰਮ ਤਹਿਤ ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਕੋਹੜ ਰੋਗ ਦੇ ਪੂਰਨ ਖਾਤਮੇ ਲਈ ਸਹੁੰ ਚੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਾਜ਼ਰੀਨ ਪ੍ਰੋਗਰਾਮ ਅਫ਼ਸਰ ਤੇ ਸਟਾਫ ਵੱਲੋਂ ਕੋਹੜ ਰੋਗ ਦੇ ਖਾਤਮੇ ਅਤੇ ਲੋਕਾਂ ਵਿਚ ਇਸ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਕਰਨ ਦੀ ਸਹੁੰ ਚੁੱਕੀ ਗਈ। ਇਸ ਮੌਕੇ ਕੋਹੜ ਦੀ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਦਾ ਸੰਦੇਸ਼ ਦੇ ਬੈਨਰ ਵੀ ਪ੍ਰਦਰਸ਼ਿਤ ਕੀਤੇ ਗਏ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ ਜ਼ਿਲ੍ਹੇ ਦੀਆਂ ਸਾਰੀ ਸਰਕਾਰੀ ਸੰਸਥਾਵਾਂ ਵਿਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਬਹੁ-ਔਸ਼ਧੀ ਇਲਾਜ ਪ੍ਰਣਾਲੀ ਕੁਸ਼ਟ ਰੋਗ ਦਾ ਸ਼ਰਤੀਆ ਇਲਾਜ ਹੈ। ਜ਼ਿਲ੍ਹਾ ਲੇਪਰੋਸੀ ਨੋਡਲ ਅਫ਼ਸਰ ਡਾ. ਮਨਮੀਤ ਸਿੰਘ ਨੇ ਕਿਹਾ ਕਿ ਚਮੜੀ ਦੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੀ ਹੈ। ਇਹ ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖ਼ਰਾਬੀ ਕਾਰਨ ਹੁੰਦਾ ਹੈ, ਜਿਸ ਕਾਰਨ ਸਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਕਈ ਵਾਰੀ ਇਹ ਅੰਗ ਸੱਟ ਲੱਗਣ ਤੇ ਸਰੀਰ ਤੋਂ ਝੜ ਵੀ ਜਾਂਦੇ ਹਨ। ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਖਾਂ ਵਿਚ ਇਹ ਬਿਮਾਰੀ ਹੋਣ ਤੇ ਅੱਖ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀ, ਜਿਸ ਕਾਰਨ ਅੱਖਾਂ ਵਿਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੀ ਦੇਖਣ ਸ਼ਕਤੀ ਤੇ ਬੂਰਾ ਅਸਰ ਪੈਂਦਾ ਹੈ। ਸੈਮੀਨਾਰ ਤੋਂ ਬਾਅਦ ਕੋਹੜ ਰੋਗ ਦੀ ਬਿਮਾਰੀ ਦੇ ਖਾਤਮੇ ਲਈ ਹਸਤਾਖਰ ਮੁਹਿੰਮ ਚਲਾਈ ਗਈ ਜਿਸ ਵਿਚ ਸਮੂਹ ਪ੍ਰੋਗਰਾਮ ਅਫ਼ਸਰਾਂ ਨੇ ਹਸਤਾਖਰ ਕਰ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ। ਇਸ ਮੌਕੇ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਮਨਦੀਪ ਖੰਗੂਰਾ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਹਰਪ੍ਰੀਤ, ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ, ਹਰੀਸ਼ ਕਟਾਰੀਆ ਡੀਪੀਐੱਮ, ਵਿਕਾਸ ਕਾਲੜਾ ਪੀਏਟੂ ਸਿਵਲ ਸਰਜਨ ਸਮੇਤ ਸਟਾਫ ਹਾਜ਼ਰ ਸੀ।