ਪਿੰਡ ਤਰਾਂ ਵਾਲੀ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
ਪਿੰਡ ਤਰਾਂ ਵਾਲੀ ਦੇ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ
Publish Date: Sun, 11 Jan 2026 06:14 PM (IST)
Updated Date: Sun, 11 Jan 2026 06:15 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਮਮਦੋਟ ਤੋ ਬਸਤੀ ਪਠਾਣਾ ਵਾਲੀ, ਤਰਾਂ ਵਾਲੀ ਅਤੇ ਸ੍ਰੀ ਕ੍ਰਿਸ਼ਨਾਂ ਗਊਸ਼ਾਲਾ ਨੂੰ ਜਾਂਦੀ ਸੜਕ ਤੇ ਪਿੰਡ ਤਰਾਂ ਵਾਲੀ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਜਿੱਥੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ, ਉਥੇ ਸੜਕ ਦੇ ਆਸ ਪਾਸ ਦੀਆਂ ਜ਼ਮੀਨਾਂ ਵਿਚ ਬੀਜੀਆਂ ਫਸਲਾਂ ਵਿਚ ਨਾਲੀਆਂ ਦਾ ਪਾਣੀ ਜਾਣ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਸਿੱਧੂਪਰ ਦੇ ਆਗੂਆਂ ਜਸਵਿੰਦਰ ਸਿੰਘ ਵਿਰਕ ਬਸਤੀ ਪਠਾਣਾ ਵਾਲੀ, ਬਲਵਿੰਦਰ ਸਿੰਘ ਇਕਾਈ ਪ੍ਰਧਾਨ, ਤਰਸੇਮ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਤਰਾਂ ਵਾਲੀ ਪਿੰਡ ਦੀਆਂ ਨਾਲੀਆਂ ਦਾ ਗੰਦਾ ਪਾਣੀ ਪਹਿਲਾਂ ਨਜ਼ਦੀਕ ਸੇਮਨਾਲੇ ਵਿਚ ਪੈਦਾ ਸੀ, ਪਰ ਸੇਮਨਾਲਾ ਓਵਰਫਲੋ ਹੋਣ ਕਾਰਨ ਇਹ ਪਾਣੀ ਸੜਕ ਉਤੇ ਆ ਗਿਆ, ਜਿਸ ਕਾਰਨ ਇਹ ਸੜਕ ਪਾਣੀ ਕਾਰਨ ਟੁੱਟਦੀ ਜਾ ਰਹੀ ਹੈ ਅਤੇ ਇਹ ਪਾਣੀ ਸੜਕ ਤੋ ਹੁੰਦਾ ਹੋਇਆ ਆਸ ਪਾਸ ਦੀਆਂ ਫਸਲਾਂ ਵਿੱਚ ਵੀ ਜਾ ਰਿਹਾ ਹੈ, ਜਿਸ ਕਾਰਨ ਫਸਲਾਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਸਮੂਹ ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ਅਤੇ ਪ੍ਰਸ਼ਾਸ਼ਨ ਤੋ ਪੁਰਜ਼ੋਰ ਮੰਗ ਕੀਤੀ ਕਿ ਪਿੰਡ ਤਰਾਂ ਵਾਲੀ ਦੇ ਗੰਦੇ ਪਾਣੀ ਦੇ ਨਿਕਾਸ ਵਾਸਤੇ ਛੱਪੜ ਦਾ ਪ੍ਰਬੰਧ ਕੀਤਾ ਜਾਵੇ ਅਤੇ ਸੇਮ ਨਾਲੇ ਦੀ ਸਫਾਈ ਵੀ ਕਰਵਾਈ ਜਾਵੇ ਤਾਂ ਜੋ ਆਉਣ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਅਤੇ ਸੜਕ ਦੇ ਨਾਲ ਨਾਲ ਫਸਲਾ ਦਾ ਕੋਈ ਨੁਕਸਾਨ ਨਾ ਹੋਵੇ। ਇਸ ਸਬੰਧੀ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਦੇ ਪ੍ਰਧਾਨ ਸ਼ਾਮ ਲਾਲ ਭੋਲੇਵਾਸੀਆ, ਤਜਿੰਦਰ ਪਾਲ ਢੀਂਗੜਾ, ਭਰਤ ਧਵਨ ਅਤੇ ਸਮੂਹ ਮੈਬਰਾਂ ਨੇ ਦੱਸਿਆ ਕਿ ਗਊਸ਼ਾਲਾ ਵਾਸਤੇ ਅਸੀ ਇਸ ਸੜਕ ਦੇ ਨਾਲ ਪੱਠੇ ਵਗੈਰਾ ਬੀਜੇ ਹੋਏ ਸਨ। ਇਸ ਗੰਦੇ ਪਾਣੀ ਦੇ ਪੈਣ ਨਾਲ ਸਾਡੇ ਗਊਆਂ ਦਾ ਬੀਜਿਆ ਚਾਰਾ ਬਿੱਲਕੁਲ ਖਰਾਬ ਹੋ ਗਿਆ ਹੈ। ਇਸ ਤਰ੍ਹਾਂ ਤਰਸੇਮ ਸਿੰਘ ਨੇ ਵੀ ਦੱਸਿਆ ਕਿ ਉਨ੍ਹਾਂ ਦੀਆਂ ਫਸਲਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਵਿਰਕ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਸਰਵਨ ਸਿੰਘ , ਅਮਰਜੋਤ ਸਿੰਘ ਤਰ੍ਹਾਂ ਵਾਲੀ, ਜਸਵੰਤ ਸਿੰਘ, ਸੁਖਚੈਨ ਸਿੰਘ ਆਦਿ ਹਾਜ਼ਰ ਸਨ।