ਦੋਨਾਂ ਟਿੱਲੂ ਮੱਲ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਖਾਦ ਤੇ ਕੀਟਨਾਸ਼ਕਾਂ ਵੰਡੇ
ਪੀਡੀਪੀਏ ਫ਼ਿਰੋਜ਼ਪੁਰ ਵੱਲੋਂ ਸਰਹੱਦੀ ਪਿੰਡ ਦੋਨਾਂ ਟਿੱਲੂ ਮੱਲ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੀ ਵੰਡ
Publish Date: Mon, 19 Jan 2026 03:33 PM (IST)
Updated Date: Mon, 19 Jan 2026 03:35 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਰਹੱਦੀ ਖੇਤਰ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀ ਬਾਂਹ ਫੜਦਿਆਂ ਪੀਡੀਪੀਏ ਫ਼ਿਰੋਜ਼ਪੁਰ ਵੱਲੋਂ ਇਕ ਵਿਸ਼ੇਸ਼ ਰਾਹਤ ਕਾਰਜ ਚਲਾਇਆ ਗਿਆ। ਇਸ ਤਹਿਤ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਆਖਰੀ ਪਿੰਡ ਦੋਨਾਂ ਟਿੱਲੂ ਮੱਲ ਵਿਖੇ ਪਹੁੰਚ ਕੇ ਜਥੇਬੰਦੀ ਦੇ ਆਗੂਆਂ ਨੇ ਕੁਦਰਤੀ ਆਫ਼ਤ ਦੀ ਮਾਰ ਝੱਲ ਰਹੇ ਗਰੀਬ ਕਿਸਾਨਾਂ ਦੀ ਆਰਥਿਕ ਮੱਦਦ ਕੀਤੀ। ਇਸ ਮੌਕੇ ਹੜ੍ਹ ਕਾਰਨ ਬਰਬਾਦ ਹੋਈਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਸਮੱਗਰੀ ਮੁਹੱਈਆ ਕਰਵਾਈ ਗਈ। ਇਸ ਰਾਹਤ ਕਾਰਜ ਦੀ ਅਗਵਾਈ ਪੀਡੀਪੀਏ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਨੇ ਕੀਤੀ। ਉਨ੍ਹਾਂ ਦੇ ਨਾਲ ਜਨਰਲ ਸੈਕਟਰੀ ਅਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਕੁਮਾਰ ਜੋਸਨ, ਸੀਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਅਤੇ ਮੀਤ ਪ੍ਰਧਾਨ ਸਵਰਨਜੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਸੇਵਾਮੁਕਤ ਤਹਿਸੀਲਦਾਰ ਸੰਤੋਖ ਸਿੰਘ ਤੱਖੀ ਅਤੇ ਪਿੰਡ ਦੇ ਸਰਪੰਚ ਤੇ ਕਿਸਾਨ ਆਗੂ ਸਰਬਜੀਤ ਸਿੰਘ ਦੀ ਦੇਖ-ਰੇਖ ਹੇਠ ਲੋੜਵੰਦ ਕਿਸਾਨਾਂ ਨੂੰ ਸਹਾਇਤਾ ਵੰਡੀ ਗਈ। ਜਥੇਬੰਦੀ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਖੇਤੀ ਦੇ ਮੁੜ ਉਭਾਰ ਲਈ ਯੂਰੀਆ ਖਾਦ ਦੀਆਂ 200 ਬੋਰੀਆਂ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਪਰੇਅ ਵਾਸਤੇ 50 ਬੋਤਲਾਂ ਦਵਾਈ ਵੰਡੀਆਂ ਗਈਆਂ। ਪਿੰਡ ਦੋਨਾਂ ਟਿੱਲੂ ਮੱਲ ਬਾਰਡਰ ਦਾ ਬਿਲਕੁਲ ਆਖਰੀ ਪਿੰਡ ਹੋਣ ਕਰਕੇ ਇੱਥੋਂ ਦੇ ਕਿਸਾਨ ਹਮੇਸ਼ਾ ਕੁਦਰਤੀ ਮਾਰ ਅਤੇ ਸਰਹੱਦੀ ਪਾਬੰਦੀਆਂ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰਦੇ ਹਨ। ਹੜ੍ਹ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਸੀ। ਅਜਿਹੇ ਨਾਜ਼ੁਕ ਸਮੇਂ ਵਿਚ ਪੀਡੀਪੀਏ ਫ਼ਿਰੋਜ਼ਪੁਰ ਵੱਲੋਂ ਕੀਤੀ ਗਈ ਇਸ ਨਿਸ਼ਕਾਮ ਸੇਵਾ ਦੀ ਹੜ੍ਹ ਪ੍ਰਭਾਵਿਤ ਗਰੀਬ ਕਿਸਾਨਾਂ ਨੇ ਭਰਪੂਰ ਸ਼ਲਾਘਾ ਕੀਤੀ ਅਤੇ ਜਥੇਬੰਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਅਜਿਹੀ ਮੱਦਦ ਨਾਲ ਨਾ ਸਿਰਫ ਕਿਸਾਨਾਂ ਦਾ ਹੌਂਸਲਾ ਵੱਧਦਾ ਹੈ, ਸਗੋਂ ਖੇਤੀਬਾੜੀ ਨੂੰ ਮੁੜ ਪੈਰਾਂ ਸਿਰ ਕਰਨ ਵਿਚ ਵੀ ਵੱਡੀ ਸਹਾਇਤਾ ਮਿਲਦੀ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਕਿਸਾਨ ਹਾਜ਼ਰ ਸਨ।