ਮੁਹੱਲਾ ਕਲੀਨਿਕਾਂ ਤੋਂ ਬੱਸਾਂ ਤੱਕ ਸਰਕਾਰੀ ਸੰਸਥਾਵਾਂ ਦਾ ਹੋ ਰਿਹਾ ਪਾਰਟੀਕਰਨ
ਮੁਹੱਲਾ ਕਲੀਨਿਕਾਂ ਤੋਂ ਬੱਸਾਂ ਤੱਕ ਸਰਕਾਰੀ ਸੰਸਥਾਵਾਂ ਦਾ ਹੋ ਰਿਹਾ ਪਾਰਟੀਕਰਨ
Publish Date: Fri, 06 Mar 2026 05:36 PM (IST)
Updated Date: Fri, 06 Mar 2026 05:39 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਵਿਚ ਪੀਆਰਟੀਸੀ ਦੀਆਂ ਬੱਸਾਂ ਦੇ ਰੰਗ ਬਦਲਣ ਦੇ ਮਾਮਲੇ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਜ਼ਿਲ੍ਹਾ ਫਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਹਰੀਸ਼ ਜੈਨ ਗੋਗਾ, ਸਾਬਕਾ ਚੇਅਰਮੈਨ ਬਲਾਕ ਸੰਮਤੀ ਜ਼ੀਰਾ ਮਹਿੰਦਰਜੀਤ ਸਿੰਘ ਜ਼ੀਰਾ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ ਗਿੱਲ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਦੇ ਕੰਮਾਂ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਸਰਕਾਰੀ ਸੰਸਥਾਵਾਂ ਨੂੰ ਆਪਣੀ ਸਿਆਸੀ ਪਹਿਚਾਣ ਨਾਲ ਜੋੜ ਕੇ ਲੋਕਾਂ ਦੇ ਪੈਸੇ ਦੀ ਵਰਤੋਂ ਪ੍ਰਚਾਰ ਲਈ ਕਰ ਰਹੀ ਹੈ।ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਕਿਹਾ ਕਿ ਪਹਿਲਾਂ ਮੁਹੱਲਾ ਕਲੀਨਿਕਾਂ ਅਤੇ ਸਕੂਲਾਂ ਦੇ ਰੰਗ ਯੋਜਨਾ ’ਚ ਤਬਦੀਲੀ ਕਰਕੇ ਸਰਕਾਰ ਨੇ ਆਪਣੀ ਸਿਆਸੀ ਛਾਪ ਛੱਡਣ ਦੀ ਕੋਸ਼ਿਸ਼ ਕੀਤੀ, ਹੁਣ ਪੀਆਰਟੀਸੀ ਦੀਆਂ ਬੱਸਾਂ ਨੂੰ ਵੀ ਨੀਲੇ, ਪੀਲੇ ਅਤੇ ਚਿੱਟੇ ਰੰਗਾਂ ਵਿਚ ਰੰਗ ਕੇ ਸੂਬਾ ਟਰਾਂਸਪੋਰਟ ਨੂੰ ਪਾਰਟੀਕਰਨ ਦਾ ਮਾਧਿਅਮ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਕਿਸੇ ਇਕ ਪਾਰਟੀ ਦੀ ਪ੍ਰਾਪਰਟੀ ਨਹੀਂ, ਸਗੋਂ ਲੋਕ-ਹਿੱਤ ਲਈ ਹੈ। ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਨੇ ਕਿਹਾ ਕਿ ਚਾਰ ਸਾਲਾਂ ਦੀ ਸੱਤਾ ਤੋਂ ਬਾਅਦ ਜੇਕਰ ਹਕੂਮਤ ਕੋਲ ਉਪਲਬਧੀਆਂ ਦਿਖਾਉਣ ਲਈ ਕੁਝ ਠੋਸ ਨਹੀਂ ਤਾਂ ਰੰਗਾਂ ਦੀ ਸਿਆਸਤ ਰਾਹੀਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਬਕਾ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਰਜ਼ੇ, ਕਾਨੂੰਨ-ਵਿਵਸਥਾ ਅਤੇ ਆਰਥਿਕ ਚੁਣੌਤੀਆਂ ਨਾਲ ਜੂਝ ਰਿਹਾ ਹੈ।ਇਸ ਮੰਜ਼ਰ ਵਿੱਚ ਸਰਕਾਰੀ ਜਾਇਦਾਦਾਂ ਦੇ ਰੰਗ ਬਦਲਣ ਦੀ ਦੌੜ ਹਕੀਕਤੀ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਲੱਗਦੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਜਨਤਾ ਹਕੀਕਤ ਨੂੰ ਸਮਝਦੀ ਹੈ ਅਤੇ ਸਰਕਾਰੀ ਸਾਧਨਾਂ ਦੀ ਸਿਆਸੀ ਵਰਤੋਂ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਨਗਰ ਕੌਂਸਲ ਜੀਰਾ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ ਨੇ ਕਿਹਾ ਕਿ ਹਸਪਤਾਲਾਂ ਅਤੇ ਸਕੂਲਾਂ ਤੋਂ ਬਾਅਦ ਹੁਣ ਪਬਲਿਕ ਟਰਾਂਸਪੋਰਟ ਨੂੰ ਵੀ ਸਿਆਸੀ ਰੰਗਾਂ ਵਿਚ ਰੰਗਣਾ ਸਰਕਾਰੀ ਤੰਤਰ ਦੀ ਖੁੱਲ੍ਹੀ ਸਿਆਸੀ ਵਰਤੋਂ ਹੈ, ਜੋ ਲੋਕਤੰਤਰਕ ਮਰਿਆਦਾਵਾਂ ਦੇ ਖ਼ਿਲਾਫ਼ ਹੈ।