ਮਾਂ-ਬਾਪ ਦੇ ਸੁਪਨੇ ਵਿਦੇਸ਼ਾਂ ਵਿਚ ਗੁੰਮ
ਮਾਂ-ਬਾਪ ਦੇ ਸੁਪਨੇ ਵਿਦੇਸ਼ਾਂ ਵਿਚ ਗੁੰਮ
Publish Date: Fri, 27 Feb 2026 03:23 PM (IST)
Updated Date: Fri, 27 Feb 2026 03:25 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਦੀ ਧਰਤੀ ਅੱਜ ਇਕ ਚੁੱਪ ਦਰਦ ਦੀ ਗਵਾਹ ਬਣੀ ਖੜ੍ਹੀ ਹੈ। ਉਹ ਮਾਂ-ਬਾਪ, ਜਿਨ੍ਹਾਂ ਨੇ ਆਪਣਾ ਢਿੱਡ ਕੱਟ ਕੇ, ਜ਼ਮੀਨਾਂ ਵੇਚ ਕੇ, ਗਹਿਣੇ ਗਿਰਵੀ ਰੱਖ ਕੇ ਬੱਚਿਆਂ ਨੂੰ ਵਿਦੇਸ਼ ਭੇਜਿਆ, ਅੱਜ ਉਹੀ ਮਾਪੇ ਦਰ-ਦਰ ਦੀਆਂ ਠੋਕਰਾਂ ਖਾਂਦੇ ਨਜ਼ਰ ਆ ਰਹੇ ਹਨ। ਜਿਨ੍ਹਾਂ ਹੱਥਾਂ ਨੇ ਬੱਚਿਆਂ ਨੂੰ ਪਾਲਿਆ, ਉਹੀ ਹੱਥ ਅੱਜ ਸੁੰਨੇ ਹਨ। ਨਾ ਫੋਨ ਕਾਲ, ਨਾ ਪੈਸੇ,ਨਾ ਪੁੱਛ-ਪੜਤਾਲ। ਇੱਥੋਂ ਤੱਕ ਕਿ ਮਾਪਿਆਂ ਦੇ ਸੰਸਕਾਰਾਂ ਤੱਕ ਵੀ ਉਹ ਬੱਚੇ ਨਹੀਂ ਪਹੁੰਚਦੇ, ਜਿਨ੍ਹਾਂ ਲਈ ਮਾਂ-ਬਾਪ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਇਹ ਕੇਵਲ ਇਕ ਘਰ ਦੀ ਨਹੀਂ, ਸੈਂਕੜਿਆਂ ਪਿੰਡਾਂ ਦੀ ਕਹਾਣੀ ਹੈ। ਜਦੋਂ ਵਿਦੇਸ਼ੀ ਸੁਪਨਿਆਂ ਦੀ ਚਮਕ ਮਾਂ ਦੀ ਮਮਤਾ ਤੇ ਪਿਉ ਦੀ ਮਿਹਨਤ ਤੋਂ ਵੱਡੀ ਹੋ ਜਾਵੇ ਤਾਂ ਸਮਾਜ ਦੀ ਰੂਹ ਕੰਬਦੀ ਹੈ। ਅੱਜ ਬੁਜ਼ੁਰਗ ਘਰਾਂ ਵਿਚ ਬੈਠੇ ਰਾਹ ਤੱਕਦੇ ਹਨ, ਫ਼ੋਨ ਦੀ ਘੰਟੀ ਦੀ ਉਡੀਕ ਕਰਦੇ ਹਨ, ਪਰ ਚੁੱਪੀ ਹੀ ਉਨ੍ਹਾਂ ਦੀ ਕਿਸਮਤ ਬਣੀ ਹੋਈ ਹੈ। ਐੱਨਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜ਼ੀਰਾ ਦੇ ਪ੍ਰਧਾਨ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਵਿਦੇਸ਼ੀ ਸੁਪਨਿਆਂ ਦੀ ਅੰਨੀ ਦੌੜ ਵਿਚ ਆਪਣੇ ਰਿਸ਼ਤਿਆਂ ਦੀਆਂ ਜੜਾਂ ਕੱਟ ਰਹੇ ਹਾਂ। ਮਾਂ-ਬਾਪ ਜਿਨ੍ਹਾਂ ਨੇ ਆਪਣਾ ਸਭ ਕੁਝ ਦਾਅ ’ਤੇ ਲਾ ਦਿੱਤਾ, ਅੱਜ ਉਹੀ ਬੇਸਹਾਰਾ ਹਨ। ਇਹ ਸਿਰਫ਼ ਪਰਿਵਾਰਿਕ ਨਹੀਂ, ਸਾਂਝੇ ਸਮਾਜਿਕ ਸੰਕਟ ਹੈ। ਜੇ ਅਸੀਂ ਅੱਜ ਵੀ ਨਾ ਸੰਭਲੇ, ਤਾਂ ਕੱਲ੍ਹ ਸਾਡੀ ਵਾਰੀ ਹੋਵੇਗੀ। ਐਂਟੀ ਕਰਪਸ਼ਨ ਫਾਉਂਡੇਸ਼ਨ ਆਫ ਇੰਡੀਆ ਦੇ ਜ਼ਿਲ੍ਹਾ ਡਾਇਰੈਕਟਰ ਸਮਾਜ ਸੇਵੀ ਕਿਰਨ ਗੌੜ ਨੇ ਕਿਹਾ ਕਿ ਜਦੋਂ ਬੱਚਾ ਸਫਲਤਾ ਨੂੰ ਸਿਰਫ਼ ਡਾਲਰਾਂ ਨਾਲ ਤੋਲਦਾ ਹੈ, ਤਾਂ ਮਾਂ ਦੀ ਮਮਤਾ ਤੇ ਪਿਉ ਦੀ ਕੁਰਬਾਨੀ ਉਸਨੂੰ ਛੋਟੀ ਲੱਗਣ ਲੱਗਦੀ ਹੈ। ਇਹ ਨੈਤਿਕ ਪਤਨ ਦਾ ਸੰਕੇਤ ਹੈ। ਸਿੱਖਿਆ ਸਾਨੂੰ ਕਮਾਉਣਾ ਨਹੀਂ, ਨਿਭਾਉਣਾ ਵੀ ਸਿਖਾਉਂਦੀ ਹੈ। ਜੇ ਅਸੀਂ ਮੁੱਲ ਨਹੀਂ ਸਿਖਾਏ, ਤਾਂ ਭਵਿੱਖ ਖਾਲੀ ਦਿਲਾਂ ਨਾਲ ਭਰ ਜਾਵੇਗਾ। ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ ਨੇ ਕਿਹਾ ਕਿ ਮਾਂ-ਬਾਪ ਦੀ ਮਿਹਨਤ ’ਤੇ ਖੜੀ ਵਿਦੇਸ਼ੀ ਕਾਮਯਾਬੀ, ਜਦੋਂ ਉਨ੍ਹਾਂ ਨੂੰ ਭੁੱਲ ਜਾਵੇ,ਤਾਂ ਉਹ ਸਫਲਤਾ ਨਹੀਂ,ਸ਼ਰਮ ਹੈ। ਇਹ ਰੁਝਾਨ ਸਾਡੇ ਸੰਸਕਾਰਾਂ ਦੀ ਹਾਰ ਹੈ। ਅਸੀਂ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਇਆ, ਪਰ ਵਾਪਸ ਮੁੜ ਕੇ ਦੇਖਣਾ ਨਹੀਂ। ਲੈਕਚਰਾਰ ਨਵੀਨ ਸੱਚਦੇਵਾ ਨੇ ਕਿਹਾ ਕਿ ਮਾਪਿਆਂ ਦੀ ਕੁਰਬਾਨੀ ਨੂੰ ਭੁੱਲ ਜਾਣਾ ਮਨੁੱਖੀ ਨੈਤਿਕਤਾ ਦਾ ਪਤਨ ਹੈ। ਬੱਚਿਆਂ ਨੂੰ ਕੇਵਲ ਕੈਰੀਅਰ ਨਹੀਂ, ਫਰਜ਼ ਵੀ ਸਿਖਾਉਣੇ ਚਾਹੀਦੇ ਹਨ ਵਿਦੇਸ਼ ਜਾਣਾ ਗਲਤ ਨਹੀਂ ਪਰ ਆਪਣੇ ਮੂਲ ਨਾਲ ਨਾਤਾ ਤੋੜਨਾ ਸਮਾਜ ਲਈ ਖਤਰਾ ਹੈ ਸੰਪਰਕ ਅਤੇ ਸਹਿਯੋਗ ਲਾਜ਼ਮੀ ਹੋਣਾ ਚਾਹੀਦਾ ਹੈ। ਸੇਵਾ ਮੁਕਤ ਤਹਿਸੀਲਦਾਰ ਅਤੇ ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਮਾਤਾ-ਪਿਤਾ ਦੀ ਸੇਵਾ ਨੂੰ ਸਭ ਤੋਂ ਵੱਡੀ ਸੇਵਾ ਦੱਸਿਆ ਹੈ। ਜੋ ਬੱਚੇ ਆਪਣੇ ਮਾਪਿਆਂ ਨੂੰ ਭੁੱਲ ਜਾਂਦੇ ਹਨ, ਉਹ ਆਪਣੀ ਰੂਹ ਨੂੰ ਭੁੱਲ ਜਾਂਦੇ ਹਨ। ਇਹ ਕੇਵਲ ਰਿਸ਼ਤਿਆਂ ਦੀ ਮੌਤ ਨਹੀਂ, ਮਨੁੱਖਤਾ ਦੀ ਹਾਰ ਹੈ। ਸਮਾਜ ਸੇਵੀ ਓਮ ਪ੍ਰਕਾਸ਼ ਪੁਰੀ ਨੇ ਕਿਹਾ ਕਿ ਮੈਂ ਬੁਜ਼ੁਰਗਾਂ ਦੇ ਅੱਖਾਂ ’ਚ ਉਡੀਕ ਵੇਖਦਾ ਹਾਂ। ਉਹ ਪੈਸਾ ਨਹੀਂ, ਸਿਰਫ਼ ਇਕ ਕਾਲ, ਇਕ ਸਹਾਰਾ ਚਾਹੁੰਦੇ ਹਨ। ਜਿਹੜੇ ਬੱਚੇ ਮਾਪਿਆਂ ਨੂੰ ਛੱਡ ਕੇ ਅੱਗੇ ਵਧ ਗਏ, ਉਹ ਅਸਲ ਵਿੱਚ ਅੰਦਰੋਂ ਖਾਲੀ ਹਨ।