ਮੰਡੀਆਂ ’ਚ ਕਣਕ ਦੀ ਖਰੀਦ ਨਾ ਹੋਣ ਕਾਰਨ ਪੰਜਾਬ ਤੇ ਮੋਦੀ ਸਰਕਾਰ ਖ਼ਿਲਾਫ਼ ਕੱਢੀ ਭੜਾਸ
ਮੰਡੀਆਂ ’ਚ ਕਣਕ ਦੀ ਖਰੀਦ ਨਾ ਹੋਣ ਕਾਰਨ ਪੰਜਾਬ ਤੇ ਮੋਦੀ ਸਰਕਾਰ ਖ਼ਿਲਾਫ਼ ਕੱਢੀ ਭੜਾਸ
Publish Date: Wed, 15 Apr 2026 04:56 PM (IST)
Updated Date: Wed, 15 Apr 2026 05:00 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਪ੍ਰਧਾਨ ਸੁਖਦੇਵ ਢੋਟ, ਜਰਨਲ ਸਕੱਤਰ ਮੰਗਲ ਸਿੰਘ ਤੇ ਜ਼ਿਲ੍ਹਾ ਮੈਂਬਰ ਬਗੀਚਾ ਸਿੰਘ ਦੀ ਅਗਵਾਈ ਵਿਚ ਮੰਡੀ ਪੰਜੇ ਕੇ ਉਤਾੜ ਦੀ ਅਨਾਜ ਮੰਡੀ ਵਿਚ ਬੋਲੀ ਨਾ ਹੋਣ ਕਾਰਨ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਦੱਸਿਆ ਕਿ ਇਹ ਸਰਕਾਰਾਂ ਕਿਸਾਨਾਂ ਨੂੰ ਮਾਰਨ ਤੇ ਤੁਲੀਆ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕੇ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕੀਤੀ ਜਾਵੇਗੀ ਪਰ ਅੱਜ 15 ਅਪ੍ਰੈਲ ਹੋਣ ਦੇ ਬਾਵਜੂਦ ਵੀ ਮੰਡੀ ’ਚ ਬੋਲੀ ਸ਼ੁਰੂ ਨਹੀਂ ਹੋ ਸਕੀ ਤੇ ਨਾ ਕੋਈ ਬਾਰਦਾਨਾਂ ਮੰਡੀਆਂ ਪਹੁੰਚਿਆ, ਜੇਕਰ ਜਲਦੀ ਕਣਕ ਦੀ ਖਰੀਦ ਸ਼ੁਰੂ ਨਾ ਹੋਈ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਡਾ ਐਕਸ਼ਨ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ 17 ਤਰੀਕ ਨੂੰ 12 ਤੋ 3 ਵਜੇ ਤੱਕ ਟਰੇਨ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਰੋਡ ਵੀ ਜਾਮ ਕੀਤਾ ਜਾਵੇਗਾ । ਸਾਰੀਆਂ ਮੰਡੀਆਂ ਕਣਕ ਨਾਲ ਭਰੀਆਂ ਪਈਆਂ ਹਨ, ਪਰ ਅਜੇ ਤੱਕ ਪੰਜਾਬ ਸਰਕਾਰ ਜੋ ਕਿ 1 ਤਰੀਕ ਤੋਂ ਖਰੀਦ ਸ਼ੁਰੂ ਕਰਨ ਦੇ ਵਾਅਦੇ ਕਰ ਰਹੀ ਸੀ 15 ਤਰੀਕ ਹੋਣ ਤੇ ਬਾਵਜੂਦ ਵੀ ਖਰੀਦ ਸ਼ੁਰੂ ਨਹੀਂ ਕਰਾ ਸਕੀ ਤੇ ਸੈਂਟਰ ਦੀਆਂ ਏਜੰਸੀਆਂ ਦੇ ਅਧਿਕਾਰੀ ਮੰਡੀਆਂ ਵਿਚ ਪਹੁੰਚੇ ਕੇ ਮੰਡੀਆਂ ਵਿਚ ਕਣਕ ਦੀ ਚੈਕਿੰਗ ਕਰ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਕਿ ਕਿਸਾਨਾ ਦੀਆਂ ਕਣਕਾਂ ਬਾਰਸ਼ ਕਾਰਨ ਨਮੀ ਜ਼ਿਆਦਾ ਹੋਣ ਤੇ ਦਾਣਾ ਸੁੰਗੜਨ ਦਾ ਬਹਾਨਾ ਲਾ ਕੇ ਕਣਕ ਖਰੀਦਣ ਤੋਂ ਪਾਸਾ ਵੱਟ ਰਹੀਆਂ ਹਨ। ਪੰਜਾਬ ਦੇ ਕਿਸਾਨ ਪਹਿਲਾਂ ਹੀ ਬੜੀ ਵੱਡੀ ਤਰਾਸਦੀ ਦੇ ਮਾਰੇ ਹੋਏ ਹਨ ਕਿਤੇ ਪੰਜਾਬ ਵਿਚ ਬਾਰਸ਼, ਹਨੇਰ ਤੇ ਗੜ੍ਹੇਮਾਰੀ ਨੇ ਲੋਕਾਂ ਦੀਆਂ ਫਸਲਾਂ ਤਬਾਹ ਕੀਤੀਆਂ ਤੇ ਹੋਰ ਵੀ ਬਹੁਤ ਫਸਲਾਂ ਸਬਜ਼ੀਆਂ, ਮੱਕੀ, ਮਿਰਚਾਂ ਆਦਿ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਜਿਹੜੀਆਂ ਕਣਕਾਂ ਬਚੀਆਂ ਹਨ ਉਨ੍ਹਾਂ ਦੀ ਖਰੀਦ ਨਹੀਂ ਹੋ ਰਹੀ। ਇਸ ਕਰਕੇ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਜੇਕਰ ਜਲਦ ਖਰੀਦ ਸ਼ੁਰੂ ਨਾ ਕਰਵਾਈ ਤਾਂ ਅਖੀਰਲਾ ਰਸਤਾ ਧਰਨੇ ਵਾਲਾ ਹੈ ਤੇ ਇਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ, ਮੋਦੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਕਿਸਾਨ ਸਤਨਾਮ ਚੰਦ ਪ੍ਰਧਾਨ ਪੰਜੇ ਕੇ, ਬਲਵਿੰਦਰ ਸਿੰਘ ਸੈਦੇ ਕੇ, ਫੌਜ਼ਾ ਸਿੰਘ, ਮੇਜਰ ਸਿੰਘ, ਸ਼ਾਮ ਲਾਲ, ਤਿਲਕ ਰਾਜ, ਮਲਕੀਤ ਸਿੰਘ, ਗੁਰਬਖਸ਼ ਲਾਲ, ਪ੍ਰਮਜੀਤ ਸਿੰਘ, ਵਿੱਕੀ ਆਦਿ ਤੇ ਬਹੁਤ ਸਾਰੇ ਕਿਸਾਨ ਹਾਜ਼ਰ ਸਨ।