ਦੋ ਗੁੱਟਾਂ ’ਚ ਗੋਲ਼ੀਬਾਰੀ, ਇੱਕ ਦੀ ਮੌਤ
ਦੋ ਗੁੱਟਾਂ ’ਚ ਹੋਈ ਗੋਲੀਬਾਰੀ ਵਿਚ ਇੱਕ ਦੀ ਮੌਤ
Publish Date: Fri, 13 Feb 2026 09:07 PM (IST)
Updated Date: Fri, 13 Feb 2026 09:09 PM (IST)

ਸਟਾਫ ਰਿਪੋਰਟਰ,ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹੇ ਦੇ ਪਿੰਡ ਘੱਲ ਖੁਰਦ ਨੇੜੇ ਦੋ ਗੁੱਟਾਂ ’ਚ ਕਿਸੇ ਪੁਰਾਣੀ ਕਿੜ੍ਹ ਨੂੰ ਲੈ ਕੇ ਚੱਲੀ ਗੋਲੀ ’ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਵਾਰਦਾਤ ਤੋਂ ਬਾਅਦ ਵਾਪਰੇ ਘਟਨਾਕ੍ਰਮ ਤੋਂ ਇਸ ਵਿਚ ਗੈਂਗਸਟਰਾਂ ਦੀ ਸ਼ਮੁਲੀਅਤ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਨੂੰ ਕਿਸੇ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਪਰ ਪ੍ਰਤੱਖ ਦਰਸ਼ੀਆਂ ਅਨੁਸਾਰ ਜਿਸ ਤਰਾਂ ਫਾਇਰਿੰਗ ਹੋਈ ਇਸ ਵਿਚ ਉਨ੍ਹਾਂ ਦੇ ਗੈਂਗਸਟਰ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਫਿਲਹਾਲ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਮੁਖੀ ਅਨੁਸਾਰ ਸਿਰਫ ਤਿੰਨ ਗੋਲੀਆਂ ਚੱਲੀਆਂ ਹੋਣ ਦੀ ਪੁਸ਼ਟੀ ਹੋਈ ਹੈ। ਇਸ ਗੋਲੀਬਾਰੀ ਵਿਚ ਮਾਰੇ ਗਏ ਨੌਜਵਾਨ ਦੀ ਪਛਾਣ ਹਰਦੀਪ ਸਿੰਘ ਉਰਫ ਸੌਨੂੰ ਪੁੱਤਰ ਦਿਲਰਾਜ ਸਿੰਘ ਵਾਸੀ ਫਿਰੋਜ਼ਸ਼ਹ ਵਜੋਂ ਹੋਈ ਹੈ। ਇਸ ਸਬੰਧੀ ਸਥਾਨਕ ਸਿਵਲ ਹਸਪਤਾਲ ਵਿਚ ਮੌਜੂਦ ਮੈਡੀਕਲ ਅਫਸਰ ਨੇ ਦੱਸਿਆ ਕਿ ‘ਗਨ ਸ਼ਾਟ’ ਵੱਜੀ ਇਕ ਬਾਡੀ ਹਸਪਤਾਲ ਆਈ ਹੈ, ਮੌਤ ਦੇ ਅਸਲ ਕਾਰਨਾਂ ਦਾ ਪੋਸਟ ਮਾਰਟਮ ਤੋਂ ਬਾਅਦ ਪਤਾ ਲੱਗ ਸਕਦਾ ਹੈ। ਉਧਰ ਸਥਾਨਕ ਸਿਵਲ ਹਸਪਤਾਲ ਪਹੁੰਚੇ ਜ਼ਿਲ੍ਹਾ ਪੁਲਿਸ ਮੁੱਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਘਲ ਖੁਰਦ ਨੇੜੇ ਦੋ ਗੁੱਟਾਂ ਵਿਚਾਲੇ ਝਗੜੇ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਫਾਇਰਿੰਗ ਦੌਰਾਨ ਹਰਦੀਪ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਨੁਸਾਰ ਇਲਾਕੇ ’ਚ ਨਗਰ ਕੀਰਤਨ ਨਿਕਲ ਰਿਹਾ ਸੀ। ਹਮਲਾਵਰਾਂ ਵੱਲੋਂ ਪਹਿਲੋਂ ਪਿੰਡ ਵਿਚ ਕਿਸੇ ਟਰਾਲੀ ਵਾਲੇ ਨਾਲ ਵੀ ਖਹਿਬਾਜ਼ੀ ਹੋਈ ਸੀ। ਬਾਅਦ ਵਿਚ ਹਰਦੀਪ ਸਿੰਘ ਦੀ ਥਾਰ ’ਤੇ ਗੋਲੀ ਬਾਰੀ ਕੀਤੀ ਗਈ। ਇਸ ਕਾਰਨ ਹਰਦੀਪ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਹਮਲਾਵਰਾਂ ਵਿਚੋਂ ਕੁੱਝ ਲੋਕਾਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਇਸ ਪਿੱਛੇ ਪੈਸਿਆਂ ਦੇ ਲੈਣ-ਦੇਣ ਦਾ ਮਾਮਲਾ ਜਾਪ ਰਿਹਾ ਹੈ।