ਫਿਰੋਜ਼ਪੁਰ ’ਚ ‘ਇਕ ਸ਼ਾਮ ਸ਼ਹੀਦਾਂ ਦੇ ਨਾਮ’ ਪ੍ਰੋਗਰਾਮ ਕਰਵਾਇਆ
ਫਿਰੋਜ਼ਪੁਰ ਵਿਚ ‘ਇਕ ਸ਼ਾਮ ਸ਼ਹੀਦਾਂ ਦੇ ਨਾਮ’ ਦਾ ਆਯੋਜਨ
Publish Date: Sat, 21 Mar 2026 05:44 PM (IST)
Updated Date: Sat, 21 Mar 2026 05:46 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਡੀਸੀਐੱਮ ਇੰਟਰਨੈਸ਼ਨਲ ਸਕੂਲ ਵੱਲੋਂ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ‘ਇਕ ਸ਼ਾਮ ਸ਼ਹੀਦਾਂ ਦੇ ਨਾਮ’ ਮਿਊਜ਼ੀਕਲ ਈਵਨਿੰਗ ਦਾ ਆਯੋਜਨ ਕੀਤਾ ਗਿਆ। ਨਾਮਦੇਵ ਚੌਂਕ ਸਥਿਤ ਸੱਤਿਆਪਾਲ ਬਾਗੀ ਪਾਰਕ ਵਿਚ ਆਯੋਜਿਤ ਇਸ ਸਮਾਰੋਹ ਵਿਚ ਸੈਂਕੜੇ ਦੀ ਗਿਣਤੀ ਵਿਚ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ਅਤੇ ਦੇਸ਼ ਭਗਤੀ ਦੇ ਗੀਤਾਂ ਦਾ ਆਨੰਦ ਮਾਣਿਆ। ਸਕੂਲ ਦੇ ਜਨਰਲ ਮੈਨੇਜਰ ਮਨਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਸੰਗੀਤ ਵਿਭਾਗ ਦੀ ਟੀਮ ਵੱਲੋਂ ਦੇਸ਼ ਭਗਤੀ ਦੇ ਗੀਤਾਂ ਨਾਲ ਸਭ ਦਾ ਸਮਾਂ ਬੰਨਿ੍ਹਆ ਗਿਆ। ਮੰਚ ਦਾ ਸੰਚਾਲਨ ਗੁਰਸੇਵਕ ਸਿੰਘ ਅਤੇ ਸੁਨੀਤਾ ਖੇੜਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ’ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਜਵਾਨੀ ਦੀ ਉਮਰ ਵਿਚ ਆਪਣੇ ਪਰਿਵਾਰ ਜਾਂ ਆਪਣੇ ਖੁਦ ਦੇ ਭਵਿੱਖ ਦੀ ਪ੍ਰਵਾਹ ਕੀਤੇ ਬਿਨ੍ਹਾ ਦੇਸ਼ ਹਿੱਤ ਵਿਚ ਕੁਰਬਾਨੀ ਦੇ ਦਿੱਤੀ, ਜਿਸ ਤੋਂ ਨੌਜਵਾਨਾਂ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ, ਅਨਿਲ ਬਾਗੀ ਹਸਪਤਾਲ, ਰਾਧੇ-ਰਾਧੇ ਵੈਲਫੇਅਰ ਸੁਸਾਇਟੀ, ਫਿਰੋਜ਼ਪੁਰ ਫਾਊਂਡੇਸ਼ਨ, ਵਿੱਕੀ ਲਾਈਟ ਹਾਊਸ, ਬੇਰੀ ਟੈਂਟ ਹਾਊਸ, ਰਿਮਝਿਮ ਸਟੂਡੀਓ, ਸਿੰਗਲਾ ਇਵੈਂਟਸ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਦਾ ਸਕੂਲ ਪ੍ਰਸ਼ਾਸਨ ਵੱਲੋਂ ਸਨਮਾਨ ਕੀਤਾ ਗਿਆ। ਡੀਜੀਐੱਮ ਗਗਨਦੀਪ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਭਾਰਤ ਵਿਕਾਸ ਪਰਿਸ਼ਦ, ਸੀਨੀਅਰ ਸਿਟੀਜ਼ਨ ਕੌਂਸਲ ਸਮੇਤ ਹੋਰ ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰ ਵੀ ਸ਼ਾਮਲ ਹੋਏ। ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਸੁਸਾਇਟੀ ਦੇ ਅਹੁਦੇਦਾਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਕੂਲ ਪ੍ਰਸ਼ਾਸਨ ਵੱਲੋਂ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਜੋ ਪ੍ਰੋਗਰਾਮ ਕਰਵਾਇਆ ਗਿਆ ਹੈ, ਉਸ ਲਈ ਡੀਸੀਐੱਮ ਇੰਟਰਨੈਸ਼ਨਲ ਸਕੂਲ ਦੀ ਟੀਮ ਸ਼ਲਾਘਾ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਵਿਚ ਬੱਚਿਆਂ ਨੂੰ ਸ਼ਹੀਦਾਂ ਦਾ ਪਾਠ ਪੜ੍ਹਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦੀ ਦੀ ਖੁੱਲ੍ਹੀ ਹਵਾ ਵਿਚ ਸਾਹ ਲੈ ਰਹੇ ਹਾਂ। ਇਸ ਮੌਕੇ ਡੀਜੀਐੱਮ ਗਗਨਦੀਪ ਕੌਰ, ਹੈੱਡ ਮਿਸਟਰੈਸ ਰਾਬੀਆ ਬਜਾਜ, ਏਵੀਪੀ ਐਲੀਮੈਂਟਰੀ ਸੋਨੀਆ ਗੁਲਾਟੀ, ਪੀਡੀ ਸ਼ਰਮਾ, ਨਰੇਸ਼ ਕੁਮਾਰ, ਕਰਨੈਲ ਸਿੰਘ ਭਾਵੜਾ, ਸੋਹਣ ਸਿੰਘ ਸੋਢੀ, ਵਰਿੰਦਰ ਸਿੰਘ ਵੈਰੜ, ਬਲਦੇਵ ਸਿੰਘ ਭੁੱਲਰ, ਰਵਿੰਦਰ ਸਿੰਘ ਢਿੱਲੋਂ, ਇੰਜੀਨੀਅਰ ਸੰਤੋਖ ਸਿੰਘ ਸੰਧੂ, ਈਸ਼ਵਰ ਸ਼ਰਮਾ, ਜਸਵਿੰਦਰ ਸੰਧੂ, ਮਨਦੀਪ ਸਿੰਘ ਜੋਨ, ਰੋਹਿਤ ਚੌਧਰੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।