ਵਿਸ਼ਵ ਵਿਰਾਸਤ ਦਿਵਸ ’ਤੇ ਗੁਰਦੁਆਰਾ ਸਾਹਿਬ ਪੁੱਜੇ ਡੀਸੀਐੱਮ ਸਕੂਲ ਦੇ ਬੱਚੇ
ਵਿਸ਼ਵ ਵਿਰਾਸਤ ਦਿਵਸ ’ਤੇ ਡੀਸੀਐਮ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਦੇ ਦਰਸ਼ਨ ਕਰਕੇ ਵਿਰਾਸਤ ਨਾਲ ਪਾਈ ਸਾਂਝ
Publish Date: Sat, 18 Apr 2026 04:33 PM (IST)
Updated Date: Sat, 18 Apr 2026 04:36 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਵਿਸ਼ਵ ਵਿਰਾਸਤ ਦਿਵਸ ਮੌਕੇ ਇਨਟੈਕ ਫਿਰੋਜ਼ਪੁਰ ਚੈਪਟਰ ਦੀ ਅਗਵਾਈ ’ਚ ਡੀਸੀਐੱਮ ਇੰਟਰਨੈਸ਼ਨਲ ਸਕੂਲ ਵੱਲੋਂ ਵਿਦਿਆਰਥੀਆਂ ਨੇ ਫਿਰੋਜ਼ਪੁਰ ਦੀ ਅਨਮੋਲ ਵਿਰਾਸਤ ਦੇ ਪ੍ਰਤੀਕ, ਇਤਿਹਾਸਕ ਗੁਰਦੁਆਰਾ ਸ੍ਰੀ ਜਾਮਣੀ ਸਾਹਿਬ ਬਾਜ਼ੀਦਪੁਰ ਦੇ ਦਰਸ਼ਨ ਕਰਵਾਏ ਗਏ। ਬਾਜ਼ੀਦਪੁਰ ਵਿਖੇ ਸਥਿਤ ਇਹ ਪਵਿੱਤਰ ਅਸਥਾਨ ਸਿੱਖ ਇਤਿਹਾਸ ਵਿਚ ਡੂੰਘੀ ਮਹੱਤਤਾ ਰੱਖਦਾ ਹੈ। ਮੰਨਿਆ ਜਾਂਦਾ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ’ਤੇ ਚਰਨ ਪਾਏ ਸਨ। ਗੁਰਦੁਆਰਾ ਸਾਹਿਬ ਵਿੱਚ ਮੌਜੂਦ ਪੁਰਾਤਨ ’ਜੰਡ’ ਦਾ ਰੁੱਖ ਅਤੇ ਪਵਿੱਤਰ ਸਰੋਵਰ ਇਸ ਦੀ ਅਧਿਆਤਮਿਕ ਮਹੱਤਤਾ ਨੂੰ ਹੋਰ ਵਧਾਉਂਦੇ ਹਨ। ਵਿਦਿਆਰਥੀਆਂ ਨੇ ਸਿੱਖਿਆ ਕਿ ਕਿਵੇਂ ਸਾਡੀਆਂ ਇਤਿਹਾਸਕ ਇਮਾਰਤਾਂ ਅਤੇ ਅਸਥਾਨ ਸਾਡੀ ਪਛਾਣ ਦਾ ਅਹਿਮ ਹਿੱਸਾ ਹਨ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮਾਂ ਦਾ ਉਦੇਸ਼ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ, ਸਥਾਨਕ ਵਿਰਾਸਤ ਦੀ ਕਦਰ ਕਰਨਾ ਅਤੇ ਇਨ੍ਹਾਂ ਅਨਮੋਲ ਖਜ਼ਾਨਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਹੈ। ਇਸ ਮੌਕੇ ਇਨਟੈਕ ਫਿਰੋਜ਼ਪੁਰ ਚੈਪਟਰ ਦੇ ਮੈਂਬਰਾਂ ਅਤੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਵਿਰਾਸਤ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਇਤਿਹਾਸ ਤੋਂ ਪ੍ਰੇਰਨਾ ਲੈ ਸਕਣ।