ਡਾਕਟਰਾਂ ਨੇ ਮਾਹਿਰਾਂ ਕੋਲੋਂ ਇਲਾਜ਼ ਕਰਵਾਉਣ ’ਤੇ ਦਿੱਤਾ ਜੋਰ

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ
ਫਿਰੋਜ਼ਪੁਰ : ਦੁਨੀਆਂ ਭਰ ਦੇ ਡਾਕਟਰਾਂ, ਨਰਸਾਂ, ਸਿਹਤ ਕਾਮਿਆਂ, ਡਾਈਟਿਸ਼ੀਅਨ ਤੇ ਸ਼ਰੀਰਕ ਤੰਦਰੁਸਤੀ ਨਾਲ ਜੁੜੇ ਲੋਕਾਂ ਦੇ ਖਾਸ ਦਿਹਾੜੇ ‘ਵਿਸ਼ਵ ਸਿਹਤ ਦਿਵਸ’ ’ਤੇ ਜਿਥੇ ਵੱਖ ਵੱਖ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਸਟਾਫ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ,ਉਥੇ ਕਈ ਥਾਈਂ ਡਾਕਟਰਾਂ ਵੱਲੋਂ ਸੈਮੀਨਾਰ ਜਾਂ ਪੈਨਲ ਡਿਸਕਸ਼ਨ ਕਰਕੇ ਸਿਹਤ ਸਬੰਧੀ ਜਾਗਰੂਕਤਾ ਫੈਲਾਉਣ ਦੇ ਯਤਨ ਵੀ ਕੀਤੇ ਗਏ।ਇਸ ਦੌਰਾਨ ‘ਪੰਜਾਬੀ ਜਾਗਰਣ ’ ਦੀ ਟੀਮ ਨਾਲ ਵੀ ਗੱਲਬਾਤ ਦੌਰਾਨ ਕੁੱਝ ਡਾਕਟਰਾਂ ਨੇ ਜਿਥੇ ਸਿਹਤ ਲਈ ਲੋੜੀਂਦੇ ਮੁੱਢਲੇ ਸਿਧਾਂਤਾਂ ਦੀ ਸਾਂਝ ਪਾਈ, ਉਥੇ ਉਨ੍ਹਾਂ ਕਿਸੇ ਵੀ ਬੀਮਾਰੀ ਦੇ ਇਲਾਜ਼ ਲਈ ‘ਟਾਈਮ ਮੈਨੇਜ਼ਮੈਂਟ’ ਸਬੰਧੀ ਦੱਸਦਿਆਂ ਕਿਸੇ ਵੀ ਬੀਮਾਰ ਦੀ ਜਿੰਦਗੀ ਬਚਾਉਣ ਲਈ ਮੁੱਢਲੇ ਚਾਰ ਪੰਜ ਘੰਟਿਆਂ ਦੀ ਅਹਿਮਿਅਤ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ। ਕੁੱਝ ਡਾਕਟਰਾਂ ਵੱਲੋਂ ਸਾਂਝੇ ਕੀਤੇ ਗਏ ਵਿਚਾਰ ਕੁੱਝ ਇਸ ਤਰਾਂ ਹਨ।
ਸਿਹਤਮੰਦ ਜੀਵਨ ਸ਼ੈਲੀ ਸਮੇਂ ਦੀ ਮੰਗ : ਡਾ. ਸੰਧੂ
ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਆਰ ਐਸ ਸੰਧੂ ਨੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਦੇ ਮੌਕੇ ‘ਤੇ ਡਾਕਟਰਾਂ ਦੀ ਜ਼ਿੰਮੇਵਾਰੀ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ। ਡਾਕਟਰ ਸਮਾਜ ਦੇ ਉਹ ਸਤੰਭ ਹਨ ਜੋ ਲੋਕਾਂ ਦੀ ਸਿਹਤ ਦੀ ਰੱਖਿਆ ਕਰਦੇ ਹਨ ਅਤੇ ਬਿਮਾਰੀਆਂ ਤੋਂ ਬਚਾਅ ਲਈ ਮਾਰਗਦਰਸ਼ਨ ਦਿੰਦੇ ਹਨ। ਇਸ ਦਿਨ ਡਾਕਟਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ।
ਸਿਹਤ ਨੂੰ ਨਜ਼ਰਅੰਦਾਜ਼ ਨਾ ਕਰੋ : ਡਾ. ਸ਼ੌਕਤ
ਅਮਨਦੀਪ ਹਸਪਤਾਲ ਫਿਰੋਜ਼ਪੁਰ ਦੇ ਕਾਰਡੀਅੋਲੋਜੀ ਵਿਭਾਗ ਦੇ ਮੁਖੀ ਡਾ. ਹਕੀਮ ਇਰਫ਼ਾਨ ਸ਼ੌਕਤ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਵਿਗਿਆਨ-ਅਧਾਰਿਤ ਅਤੇ ਪ੍ਰਮਾਣਿਤ ਇਲਾਜ ਹੀ ਸਿਹਤ ਲਈ ਸਭ ਤੋਂ ਵਧੀਆ ਰਾਹ ਹੈ। ਉਨ੍ਹਾਂ ਕਿਹਾ ਕਿ ਅਤਿ-ਆਧੁਨਿਕ ਤਕਨੀਕਾਂ ਨਾਲ ਦਿਲ ਦੇ ਰੋਗਾਂ ਦਾ ਉੱਚ ਪੱਧਰੀ ਅਤੇ ਸੁਰੱਖਿਅਤ ਇਲਾਜ ਹੁਣ ਸੰਭਵ ਹੈ, ਜਿੱਥੇ ਨਾਨ-ਇਨਵੇਸਿਵ ਅਤੇ ਇਨਵੇਸਿਵ ਦੋਹਾਂ ਤਰੀਕਿਆਂ ਨਾਲ ਮਰੀਜ਼ਾਂ ਨੂੰ ਤੇਜ਼ ਰਿਕਵਰੀ ਮਿਲਦੀ ਹੈ। ਡਾ. ਸ਼ੌਕਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਸਿਹਤ ਸਬੰਧੀ ਕੋਈ ਵੀ ਅਸਹਿਜ਼ਤਾ ਮਹਿਸੂਸ ਹੋਵੇ ਤਾਂ ਦੇਰ ਨਾ ਕਰਦੇ ਹੋਏ ਤੁਰੰਤ ਮਾਹਿਰ ਡਾਕਟਰ ਜਾਂ ਹਸਪਤਾਲ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਸਮੇਂ ‘ਤੇ ਲਿਆ ਫੈਸਲਾ ਜ਼ਿੰਦਗੀ ਬਚਾ ਸਕਦਾ ਹੈ।
ਖੰਘ ਨੂੰ ਨਾ ਕਰੋ ਨਜ਼ਰਅੰਦਾਜ਼ : ਡਾ. ਚੇਤਨ ਕੁਮਾਰ
ਸੀਨੀਅਰ ਕੰਸਲਟੈਂਟ ਪਲਮੋਨੋਲੋਜੀ ਅਤੇ ਕ੍ਰਿਟੀਕਲ ਕੇਅਰ ਡਾ. ਚੇਤਨ ਕੁਮਾਰ ਐਨ.ਜੀ. ਅਨੁਸਾਰ ਸਹੀ ਸਮੇਂ 'ਤੇ ਮਾਹਿਰ ਡਾਕਟਰ ਦੀ ਸਲਾਹ ਹੀ ਹੈ ਤੰਦਰੁਸਤ ਸਿਹਤ ਦੀ ਕੁੰਜੀ ਹੈ। ਅਕਸਰ ਅਸੀਂ ਖੰਘ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜਾਂ ਖੁਦ ਹੀ ਸਿਰਪ ਅਤੇ ਐਂਟੀਬਾਇਓਟਿਕਸ ਲੈਣਾ ਸ਼ੁਰੂ ਕਰ ਦਿੰਦੇ ਹਾਂ। ਪਰ ਯਾਦ ਰੱਖੋ, ਹਰ ਖੰਘ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ ਜੋ ਫੇਫੜਿਆਂ ਦੀ ਬਿਮਾਰੀ ਦਾ ਲੱਛਣ ਹੋ ਸਕਦਾ ਹੈ।ਉਨ੍ਹਾਂ ਆਖਿਆ ਕਿ ਜੇਕਰ ਤੁਹਾਨੂੰ ਲਗਾਤਾਰ ਖੰਘ ਹੈ, ਤਾਂ ਤੁਰੰਤ ਪਲਮੋਨੋਲੋਜਿਸਟ (ਫੇਫੜਿਆਂ ਦੇ ਮਾਹਿਰ) ਨਾਲ ਸੰਪਰਕ ਕਰੋ।
ਮਰੀਜ਼ਾਂ ਪ੍ਰਤੀ ਨਿਮਰਤਾ ਵੀ ਜ਼ਰੂਰੀ : ਡਾ. ਸੰਧੂ
ਸੰਧੂ ਚਾਈਲਡ ਹਸਪਤਾਲ ਦੇ ਡਾਕਟਰ ਸੁਖੱਣਵਰ ਸਿੰਘ ਨੇ ਆਖਿਆ ਕਿ ਡਾਕਟਰਾਂ ਦੀ ਪਹਿਲੀ ਜ਼ਿੰਮੇਵਾਰੀ ਮਰੀਜ਼ਾਂ ਦਾ ਸਹੀ ਇਲਾਜ ਕਰਨਾ ਅਤੇ ਉਨ੍ਹਾਂ ਨਾਲ ਮਨੁੱਖੀ ਸਹਾਨਭੂਤੀ ਨਾਲ ਪੇਸ਼ ਆਉਣਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ, ਜਿਵੇਂ ਸਫ਼ਾਈ ਰੱਖਣਾ, ਸੰਤੁਲਿਤ ਖੁਰਾਕ ਲੈਣਾ ਅਤੇ ਨਿਯਮਿਤ ਕਸਰਤ ਕਰਨਾ। ਡਾਕਟਰਾਂ ਨੂੰ ਨਵੇਂ ਤਕਨੀਕੀ ਗਿਆਨ ਨਾਲ ਆਪਣੇ ਆਪ ਨੂੰ ਅਪਡੇਟ ਰੱਖਣਾ ਵੀ ਜ਼ਰੂਰੀ ਹੈ, ਤਾਂ ਜੋ ਉਹ ਬਿਹਤਰ ਇਲਾਜ ਪ੍ਰਦਾਨ ਕਰ ਸਕਣ।
ਅੱਧਰੰਗ ਹੋਣ ’ਤੇ ਪਹਿਲੇ ਚਾਰ ਪੰਜ ਘੰਟੇ ਬਹੁਤ ਅਹਿਮ : ਡਾ. ਹੂਸੈਨ
ਡਾਕਟਰ ਆਰਿਫ ਹੂਸੈਨ ਸਰਮਸਤ,ਸੀਨੀਅਰ ਕੰਸਲਟੈਂਟ ਨਿਊਰੋ ਨੇ ਦੱਸਿਆ ਕਿ ਅਧਰੰਗ , ਸਲਿੱਪ ਡਿਸਕ ਜਾਂ ਦਿਮਾਗ ਦੀ ਕਿਸੇ ਵੀ ਬੀਮਾਰ ਦੇ ਲੱਛਣ ਨਜ਼ਰ ਆਉਣ ਤਾਂ ਕਿਸੇ ਨੀਮ ਹਕੀਮ ਜਾਂ ਦੇਸੀ ਵੈਦ ਕੋਲ ਜਾਣ ਦੀ ਬਜਾਏ ਨਿਊਰੋ ਦੇ ਮਾਹਿਰ ਡਾਕਟਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਅਧਰੰਗ ਜਾਂ ਕਿਸੇ ਵੀ ਦਿਮਾਗੀ ਬੀਮਾਰੀ ਵਿੱਚ ਪਹਿਲੇ ਚਾਰ ਪੰਜ ਘੰਟੇ ਬਹੁਤ ਜ਼ਿਆਦਾ ਅਹਿਮ ਹੁੰਦੇ ਹਨ। ਉਨ੍ਹਾ ਆਖਿਆ ਕਿ ਅਧਰੰਗ ਦੇ ਕਈ ਕਾਰਣ ਹੋ ਸੱਕਦੇ ਹਨ,ਜਿੰਨ੍ਹਾਂ ਨੂੰ ਸਕੈਨ ਕਰਨ ਤੋਂ ਹੀ ਪਤਾ ਲੱਗਦਾ ਹੈ।ਇਸ ਲਈ ਅੰਦਾਜ਼ੇ ਲਗਾ ਕੇ ਇਲਾਜ਼ ਕਰਨ ਵਾਲੇ ਨੀਮ ਹਕੀਮਾਂ ਤੋਂ ਬਚਣਾ ਚਾਹੀਦਾ ਹੈ।।
ਟੀਕਾਕਰਨ ਤੇ ਪੋਸ਼ਣ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ : ਡਾ. ਅਗੱਸਟਿਨ
ਬੱਚਿਆਂ ਦੇ ਮਾਹਿਰ ਡਾਕਟਰ ਮੇਜਰ ਡੇਵਿਡ ਅਗੱਸਟਿਨ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਬੱਚਿਆਂ ਦੇ ਇਲਾਜ ਲਈ ਡਾਇਗਨੋਸਿਸ ਅਧਾਰਤ ਕਲੀਨਿਕਲ ਦੇਖਭਾਲ ਅਤੇ “ਵਨ ਹੈਲਥ” ਪਹੁੰਚ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਿਓਨੇਟਲ ਤਕਨਾਲੋਜੀ ਅਤੇ ਮਾਹਰ ਡਾਕਟਰੀ ਦੇ ਸੁਮੇਲ ਨਾਲ ਹਰ ਬੱਚੇ ਦਾ ਤੰਦਰੁਸਤ ਭਵਿੱਖ ਯਕੀਨੀ ਬਣਾਇਆ ਜਾ ਸਕਦਾ ਹੈ। ਐਨਆਈਸੀਯੂ ਅਤੇ ਪੀਆਈਸੀਯੂ ਵਰਗੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਨਵਜੰਮੇ ਅਤੇ ਗੰਭੀਰ ਬਿਮਾਰ ਬੱਚਿਆਂ ਨੂੰ ਜੀਵਨ-ਰੱਖਿਅਕ ਸਹਾਇਤਾ ਮਿਲਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸਾਹ ਦੀਆਂ ਅਤੇ ਛੂਤ ਦੀਆਂ ਬਿਮਾਰੀਆਂ ਦੇ ਇਲਾਜ, ਟੀਕਾਕਰਨ ਅਤੇ ਪੋਸ਼ਣ ਸਲਾਹ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਸੰਭਵ ਹੈ। ਹਮਦਰਦ ਅਤੇ ਬੱਚਾ-ਅਨੁਕੂਲ ਮਾਹੌਲ ਵਿੱਚ ਘੱਟ ਦਰਦਨਾਕ ਇਲਾਜ ਅਤੇ ਤੇਜ਼ ਸਿਹਤਯਾਬੀ ‘ਤੇ ਖਾਸ ਧਿਆਨ ਦਿੱਤਾ ਜਾਣਾ ਚਾਹੀਦਾ ਹੈ।