ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਨਗਰ ਕੀਰਤਨ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ, ਨਗਰ ਕੀਰਤਨ ਕੱਢਿਆ ਗਿਆ
Publish Date: Mon, 05 Jan 2026 06:02 PM (IST)
Updated Date: Mon, 05 Jan 2026 06:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੱਲਾਂਵਾਲਾ : ਧਰਮ, ਸੱਚਾਈ ਅਤੇ ਇਨਸਾਨੀਅਤ ਦੀ ਰੱਖਿਆ ਲਈ ਆਪਣਾ ਸਰਬੰਸ ਵਾਰਨ ਵਾਲੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਪਿੰਡ ਮਾਨੇ ਵਾਲਾ (ਮੱਲੂ ਵਾਲੀਏ ਵਾਲਾ) ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਵਿਚ 4 ਜਨਵਰੀ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ, ਜਿਸ ਦੌਰਾਨ ਸੰਗਤ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਨਗਰ ਕੀਰਤਨ ਵਿਚ ਸਜਾਏ ਗਏ ਪਾਲਕੀ ਸਾਹਿਬ ਅੱਗੇ–ਅੱਗੇ ਰਹੇ, ਜਦਕਿ ਸੰਗਤ “ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰੇ ਲਗਾਉਂਦੀ ਹੋਈ ਤੇ ਸ਼ਬਦ ਕੀਰਤਨ ਕਰਦੇ ਹੋਏ ਮੱਲੂ ਵਾਲੀਏ ਵਾਲਾ, ਹਾਮਦ ਵਾਲਾ, ਹਿਤਾੜ, ਹਵੇਲੀਆ, ਘਵਿੰਡੀਆ ਵਾਲਾ, ਮਾਨੇ ਵਾਲਾ ਤੇ ਬੱਸ ਅੱਡਾ ਗੁਰਦੁਆਰਾ ਸਾਹਿਬ ਦੇ ਮੁੱਖ ਮਾਰਗਾਂ ਤੋਂ ਗੁਜ਼ਰੀ। ਇਸ ਦੌਰਾਨ ਗਤਕਾ ਟੋਲੀਆਂ ਵੱਲੋਂ ਸ਼ਸਤਰ ਕਲਾ ਦੇ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਨੇ ਨੌਜਵਾਨਾਂ ਵਿਚ ਵਿਸ਼ੇਸ਼ ਜੋਸ਼ ਭਰਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸੇਵਾਦਾਰਾਂ ਵੱਲੋਂ ਚਾਹ, ਪਾਣੀ ਅਤੇ ਲੰਗਰ ਦੀ ਸੇਵਾ ਵੀ ਲਗਾਈ ਗਈ। ਅਖੀਰ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਵੱਲੋਂ ਪ੍ਰਕਾਸ਼ ਦਿਹਾੜੇ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਦਸਵੇਂ ਪਾਤਸ਼ਾਹ ਦੀ ਜੀਵਨ ਸ਼ੈਲੀ ਤੋਂ ਪ੍ਰੇਰਨਾ ਲੈ ਕੇ ਗੁਰਮਿਤ ਅਨੁਸਾਰ ਜੀਵਨ ਬਿਤਾਉਣ ਦਾ ਸੰਦੇਸ਼ ਦਿੱਤਾ ਗਿਆ।ਇਸ ਤੋਂ ਬਾਅਦ 5 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਉਪਰੰਤ ਸੰਗਤਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਗਈ ਤੇ ਦੀਵਾਨ ਸਜਾਏ ਗਏ ਜਿਸ ਵਿਚ ਕਥਾ ਕਵੀਸ਼ਰੀ ਜਥੇ ਤੇ ਕੀਰਤਨੀਏ ਸਿੰਘਾਂ ਵੱਲੋਂ ਗੁਰਬਾਣੀ ਸ਼ਬਦ ਸੁਣਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।